ਪਾਕਿ ਦੀ ਕੌਮੀ ਅਸੈਂਬਲੀ ''ਚੋਂ ਸਪੀਕਰ ਨੇ ਕੀਤਾ ਵਾਕ ਆਊਟ
Wednesday, Mar 14, 2018 - 12:54 AM (IST)

ਇਸਲਾਮਾਬਾਦ— ਇਕ ਹੈਰਾਨੀਜਨਕ ਕਦਮ ਅਧੀਨ ਪਾਕਿਸਤਾਨ ਦੀ ਕੌਮੀ ਅਸੈਂਬਲੀ ਦੇ ਸਪੀਕਰ ਨੇ ਮੰਗਲਵਾਰ ਹਾਊਸ ਵਿਚੋਂ ਵਾਕ ਆਊਟ ਕੀਤਾ। ਦੋ ਕਾਨੂੰਨਾਂ ਦੇ ਖਰੜੇ ਸੰਬੰਧੀ ਸੰਸਦ ਨੂੰ ਜਾਣਕਾਰੀ ਦੇਣ ਵਿਚ ਇਕ ਸੀਨੀਅਰ ਅਧਿਕਾਰੀ ਦੇ ਨਾਕਾਮ ਰਹਿਣ 'ਤੇ ਵਿਰੋਧ ਪ੍ਰਗਟਾਉਣ ਲਈ ਉਨ੍ਹਾਂ ਇਹ ਕਦਮ ਚੁੱਕਿਆ। ਅੰਦਰੂਨੀ ਮਾਮਲਿਆਂ ਦੇ ਸਕੱਤਰ ਅਰਸ਼ਦ ਮਿਰਜ਼ਾ ਨੂੰ ਸੰਸਦ ਵਿਚ ਆਉਣ ਅਤੇ ਬਿੱਲਾਂ ਬਾਰੇ ਸਵਾਲਾਂ ਦਾ ਜਵਾਬ ਦੇਣ ਲਈ ਕਿਹਾ ਗਿਆ ਸੀ। ਮਿਰਜ਼ਾ ਦੇ ਉਪਲਬਧ ਨਾ ਹੋਣ ਦੀ ਗੱਲ ਦੱਸੇ ਜਾਣ 'ਤੇ ਸਪੀਕਰ ਅਯਾਜ ਸਾਦਿਕ ਇੰਨਾ ਨਾਰਾਜ਼ ਹੋ ਗਏ ਕਿ ਉਹ ਹਾਊਸ ਵਿਚੋਂ ਵਾਕ ਆਊਟ ਕਰ ਗਏ। ਉਨ੍ਹਾਂ ਕਿਹਾ ਕਿ ਜਦ ਤਕ ਪ੍ਰਧਾਨ ਮੰਤਰੀ ਲਿਖਤੀ ਵਾਅਦਾ ਨਹੀਂ ਕਰਦੇ ਕਿ ਭਵਿੱਖ ਵਿਚ ਅਜਿਹੀ ਸਥਿਤੀ ਮੁੜ ਨਹੀਂ ਵਾਪਰੇਗੀ, ਉਹ ਵਾਕ ਆਊਟ ਕਰਦੇ ਰਹਿਣਗੇ ਅਤੇ ਕਿਸੇ ਸੈਸ਼ਨ ਦੀ ਪ੍ਰਧਾਨਗੀ ਨਹੀਂ ਕਰਨਗੇ। ਸੰਸਦ ਦਾ ਤਾਂ ਮਜ਼ਾਕ ਉਡਾਇਆ ਜਾ ਰਿਹਾ ਹੈ।