ਪੂਰਬੀ ਕਾਠਮੰਡੂ ਵਿਚ ਕਰਫਿਊ ਹਟਾਇਆ ਗਿਆ, 100 ਤੋਂ ਵੱਧ ਪ੍ਰਦਰਸ਼ਨਕਾਰੀ ਗ੍ਰਿਫ਼ਤਾਰ
Saturday, Mar 29, 2025 - 10:39 PM (IST)

ਕਾਠਮੰਡੂ, (ਭਾਸ਼ਾ)- ਨੇਪਾਲ ’ਚ ਅਧਿਕਾਰੀਆਂ ਨੇ ਕਾਠਮੰਡੂ ਦੇ ਪੂਰਬੀ ਹਿੱਸੇ ’ਚ ਸੁਰੱਖਿਆ ਫੋਰਸਾਂ ਤੇ ਰਾਜਸ਼ਾਹੀ ਪੱਖੀ ਪ੍ਰਦਰਸ਼ਨਕਾਰੀਆਂ ਵਿਚਾਲੇ ਹੋਈਆਂ ਹਿੰਸਕ ਝੜਪਾਂ ਤੋਂ ਬਾਅਦ ਲਾਇਆ ਗਿਆ ਕਰਫਿਊ ਤਣਾਅ ਘੱਟ ਹੋਣ ਤੋਂ ਬਾਅਦ ਹਟਾ ਦਿੱਤਾ ਗਿਆ।
ਕਾਠਮੰਡੂ ਦੇ ਕੁਝ ਹਿੱਸਿਆਂ ’ਚ ਸ਼ੁੱਕਰਵਾਰ ਨੂੰ ਉਸ ਸਮੇਂ ਤਣਾਅ ਪੈਦਾ ਹੋ ਗਿਆ ਸੀ, ਜਦੋਂ ਰਾਜਸ਼ਾਹੀ ਪੱਖੀ ਪ੍ਰਦਰਸ਼ਨਕਾਰੀਆਂ ਨੇ ਪੱਥਰਬਾਜ਼ੀ ਕੀਤੀ ਸੀ, ਇਕ ਰਾਜਨੀਤਿਕ ਪਾਰਟੀ ਦੇ ਦਫਤਰ ’ਤੇ ਹਮਲਾ ਕੀਤਾ ਸੀ, ਕਈ ਵਾਹਨਾਂ ਨੂੰ ਅੱਗ ਲਾ ਦਿੱਤੀ ਸੀ। ਸੁਰੱਖਿਆ ਫੋਰਸਾਂ ਤੇ ਰਾਜਸ਼ਾਹੀ ਪੱਖੀ ਪ੍ਰਦਰਸ਼ਨਕਾਰੀਆਂ ਵਿਚਾਲੇ ਝੜਪ ਵਿਚ ਇਕ ਟੀ.ਵੀ. ਕੈਮਰਾਮੈਨ ਸਮੇਤ 2 ਲੋਕਾਂ ਦੀ ਮੌਤ ਹੋ ਗਈ ਸੀ ਤੇ 110 ਹੋਰ ਜ਼ਖਮੀ ਹੋ ਗਏ ਸਨ। ਬਾਅਦ ਵਿਚ ਸਥਿਤੀ ਨੂੰ ਕਾਬੂ ਕਰਨ ਲਈ ਫੌਜ ਨੂੰ ਬੁਲਾਇਆ ਗਿਆ।
ਪੁਲਸ ਨੇ ਹਿੰਸਕ ਵਿਰੋਧ ਪ੍ਰਦਰਸ਼ਨਾਂ ਦੌਰਾਨ ਘਰਾਂ ਨੂੰ ਸਾੜਨ ਅਤੇ ਵਾਹਨਾਂ ਦੀ ਭੰਨ-ਤੋੜ ਕਰਨ ਵਿਚ ਸ਼ਾਮਲ 105 ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫਤਾਰ ਕੀਤਾ ਹੈ। ਕਾਠਮੰਡੂ ਜ਼ਿਲਾ ਪ੍ਰਸ਼ਾਸਨਿਕ ਦਫ਼ਤਰ ਵੱਲੋਂ ਜਾਰੀ ਨੋਟਿਸ ਅਨੁਸਾਰ ਸ਼ੁੱਕਰਵਾਰ ਸ਼ਾਮ 4.25 ’ਤੇ ਲਾਇਆ ਗਿਆ ਕਰਫਿਊ ਸ਼ਨੀਵਾਰ ਸਵੇਰੇ 7 ਵਜੇ ਹਟਾ ਦਿੱਤਾ ਗਿਆ। ਗ੍ਰਿਫ਼ਤਾਰ ਕੀਤੇ ਗਏ ਲੋਕਾਂ ਵਿਚ ਰਾਸ਼ਟਰੀ ਪ੍ਰਜਾਤੰਤਰ ਪਾਰਟੀ ਦੇ ਜਨਰਲ ਸਕੱਤਰ ਧਵਲ ਸ਼ਮਸ਼ੇਰ ਰਾਣਾ ਤੇ ਪਾਰਟੀ ਦੇ ਕੇਂਦਰੀ ਮੈਂਬਰ ਰਵਿੰਦਰ ਮਿਸ਼ਰਾ ਸ਼ਾਮਲ ਹਨ। ਪ੍ਰਦਰਸ਼ਨਕਾਰੀ ਰਾਜਸ਼ਾਹੀ ਦੀ ਬਹਾਲੀ ਤੇ ਹਿੰਦੂ ਰਾਸ਼ਟਰ ਦੀ ਮੰਗ ਕਰ ਰਹੇ ਸਨ।