ਬੰਗਲਾਦੇਸ਼ ''ਚ ਚੋਣਾਂ ਤੋਂ ਬਾਅਦ ਭਖ਼ ਗਿਆ ਮਾਹੌਲ ! ਕਈ ਇਲਾਕਿਆਂ ''ਚ ਭੜਕੀ ਹਿੰਸਾ, 3 ਲੋਕਾਂ ਦੀ ਮੌਤ
Saturday, Feb 14, 2026 - 03:04 PM (IST)
ਇੰਟਰਨੈਸ਼ਨਲ ਡੈਸਕ- ਬੰਗਲਾਦੇਸ਼ ਵਿੱਚ ਵੀਰਵਾਰ ਨੂੰ ਹੋਈਆਂ 13ਵੀਂ ਸੰਸਦੀ ਚੋਣਾਂ ਤੋਂ ਬਾਅਦ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਹਿੰਸਾ ਭੜਕ ਗਈ ਹੈ। ਪਿਛਲੇ 24 ਘੰਟਿਆਂ ਦੌਰਾਨ ਹੋਏ ਬੰਬ ਧਮਾਕੇ ਅਤੇ ਸਿਆਸੀ ਝੜਪਾਂ ਵਿੱਚ ਘੱਟੋ-ਘੱਟ 3 ਲੋਕਾਂ ਦੀ ਮੌਤ ਹੋ ਗਈ ਹੈ।
ਸ਼ਨੀਵਾਰ ਸਵੇਰੇ ਚਪਾਈਨਵਾਬਗੰਜ ਜ਼ਿਲ੍ਹੇ ਵਿੱਚ ਇੱਕ ਘਰ ਵਿੱਚ ਦੇਸੀ ਬੰਬ (ਕਾਕਟੇਲ) ਬਣਾਉਂਦੇ ਸਮੇਂ ਹੋਏ ਜ਼ਬਰਦਸਤ ਧਮਾਕੇ ਵਿੱਚ 2 ਲੋਕਾਂ ਦੀ ਮੌਤ ਹੋ ਗਈ। ਧਮਾਕਾ ਇੰਨਾ ਭਿਆਨਕ ਸੀ ਕਿ ਘਰ ਦੀਆਂ ਕੰਧਾਂ ਢਹਿ ਗਈਆਂ ਅਤੇ ਛੱਤ ਉੱਡ ਗਈ, ਜਦਕਿ ਮੁਨਸ਼ੀਗੰਜ ਜ਼ਿਲ੍ਹੇ ਵਿੱਚ ਚੋਣ ਨਤੀਜਿਆਂ ਤੋਂ ਬਾਅਦ ਦੋ ਵਿਰੋਧੀ ਧੜਿਆਂ ਵਿਚਾਲੇ ਹੋਈ ਲੜਾਈ ਵਿੱਚ 30 ਸਾਲਾ ਨੌਜਵਾਨ ਜਸੀਮ ਨਾਇਬ ਦੀ ਕੁੱਟ-ਮਾਰ ਕਾਰਨ ਮੌਤ ਹੋ ਗਈ।
ਲਗਭਗ 17 ਸਾਲਾਂ ਬਾਅਦ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ ਨੇ ਇਤਿਹਾਸਕ ਜਿੱਤ ਦਰਜ ਕੀਤੀ ਹੈ। ਤਾਰਿਕ ਰਹਿਮਾਨ ਦੀ ਅਗਵਾਈ ਵਾਲੀ BNP ਨੇ 200 ਤੋਂ ਵੱਧ ਸੀਟਾਂ ਜਿੱਤ ਕੇ ਸਪੱਸ਼ਟ ਬਹੁਮਤ ਹਾਸਲ ਕਰ ਲਿਆ ਹੈ। ਅੰਤਰਿਮ ਸਰਕਾਰ ਦੇ ਮੁਖੀ ਮੁਹੰਮਦ ਯੂਨਸ ਨੇ ਤਾਰਿਕ ਰਹਿਮਾਨ ਨੂੰ ਜਿੱਤ ਦੀ ਵਧਾਈ ਦਿੱਤੀ ਹੈ। ਹੁਣ ਤਾਰਿਕ ਰਹਿਮਾਨ ਬੰਗਲਾਦੇਸ਼ ਦੇ ਅਗਲੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਣ ਦੀ ਤਿਆਰੀ ਕਰ ਰਹੇ ਹਨ।
ਜ਼ਿਕਰਯੋਗ ਹੈ ਕਿ ਸ਼ੇਖ ਹਸੀਨਾ ਦੇ ਦੇਸ਼ ਛੱਡਣ ਤੋਂ ਬਾਅਦ ਹੋਈਆਂ ਇਹ ਪਹਿਲੀਆਂ ਚੋਣਾਂ ਸਨ। ਭਾਵੇਂ BNP ਨੇ ਜਿੱਤ ਹਾਸਲ ਕਰ ਲਈ ਹੈ, ਪਰ ਮਾਹਿਰਾਂ ਦਾ ਮੰਨਣਾ ਹੈ ਕਿ ਦੇਸ਼ ਵਿੱਚ ਕਾਨੂੰਨ ਵਿਵਸਥਾ ਬਣਾਈ ਰੱਖਣਾ ਅਤੇ ਵਧਦੀ ਕੱਟੜਪੰਥੀ ਹਿੰਸਾ ਨੂੰ ਰੋਕਣਾ ਨਵੀਂ ਸਰਕਾਰ ਲਈ ਵੱਡੀ ਚੁਣੌਤੀ ਹੋਵੇਗੀ।
