ਓਂਟਾਰੀਓ ਦੇ ਡਾਕਟਰ ਨੂੰ ਕੋਰੋਨਾ ਪਾਬੰਦੀਆਂ ਦੌਰਾਨ ਵਿਦੇਸ਼ ਯਾਤਰਾ ਕਰਨੀ ਪਈ ਮਹਿੰਗੀ
Thursday, Jan 07, 2021 - 11:06 AM (IST)
ਓਟਾਵਾ- ਨਿਆਗਰਾ ਹੈਲਥ ਬੋਰਡ ਆਫ਼ ਡਾਇਰੈਕਟਰਜ਼ ਨੇ ਬੁੱਧਵਾਰ ਨੂੰ ਐਲਾਨ ਕੀਤਾ ਕਿ ਹਾਲ ਹੀ ਵਿਚ ਵਿਦੇਸ਼ ਯਾਤਰਾ ਕਰਕੇ ਆਏ ਡਾ. ਟਾਮ ਸਟੇਵਾਰਟ ਹੁਣ ਹਸਪਤਾਲ ਪ੍ਰਬੰਧਨ ਦੇ ਮੁੱਖ ਕਾਰਜਕਾਰੀ ਅਧਿਕਾਰੀ ਵਜੋਂ ਸੇਵਾਵਾਂ ਨਹੀਂ ਨਿਭਾਉਣਗੇ। ਮੰਗਲਵਾਰ ਨੂੰ ਇਸ ਗੱਲ ਦਾ ਖੁਲਾਸਾ ਹੋਇਆ ਹੈ ਕਿ ਕੋਰੋਨਾ ਪਾਬੰਦੀਆਂ ਦੇ ਬਾਵਜੂਦ ਓਂਟਾਰੀਓ ਦੇ ਡਾਕਟਰ ਟਾਮ ਨੇ ਡੋਮਨੀਕਨ ਰੀਪਬਲਿਕ ਦੀ ਯਾਤਰਾ ਕੀਤੀ ਹੈ। ਬੋਰਡ ਆਫ਼ ਡਾਇਰੈਕਟਰਜ਼ ਨੇ ਲਿਨ ਗੁਰੇਰੀਓ ਨੂੰ ਨਿਆਗਰਾ ਹੈਲਥ ਦਾ ਨਵਾਂ ਮੁਖੀ ਚੁਣ ਲਿਆ ਹੈ।
ਦੱਸ ਦਈਏ ਕਿ ਬੀਤੇ ਦਿਨ ਟਾਮ ਨੇ ਸਲਾਹਕਾਰੀ ਵਿਭਾਗ ਨੂੰ ਛੱਡਣ ਦਾ ਫੈਸਲਾ ਕਰਦੇ ਹੋਏ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਨੇ ਇਕ ਬਿਆਨ ਵਿਚ ਕਿਹਾ ਕਿ ਉਨ੍ਹਾਂ ਨੂੰ ਆਪਣੀ ਗੈਰ-ਜ਼ਰੂਰੀ ਯਾਤਰਾ ਦਾ ਅਫ਼ਸੋਸ ਹੈ। ਬੁੱਧਵਾਰ ਸ਼ਾਮ ਤੱਕ ਟਾਮ ਸੈਂਟ ਜੋਸਫ ਹੈਲਥ ਸਿਸਟਮ ਦੇ ਸੀ. ਈ. ਓ. ਅਹੁਦੇ 'ਤੇ ਬਣੇ ਹੋਏ ਸਨ।
ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਦੇ ਵੱਧਦੇ ਪ੍ਰਕੋਪ ਕਾਰਨ ਲੋਕਾਂ ਨੂੰ ਗੈਰ-ਜ਼ਰੂਰੀ ਵਿਦੇਸ਼ ਯਾਤਰਾ ਨਾ ਕਰਨ ਦੀ ਸਲਾਹ ਦਿੱਤੀ ਗਈ ਸੀ ਪਰ ਹੌਲੀ-ਹੌਲੀ ਭੇਦ ਖੁੱਲ੍ਹ ਰਹੇ ਹਨ ਕਿ ਕਈ ਉੱਚ ਅਧਿਕਾਰੀ ਤੇ ਸਿਆਸੀ ਨੇਤਾ ਵਿਦੇਸ਼ ਯਾਤਰਾ ਕਰਕੇ ਆਏ ਹਨ। ਇਸ ਲਈ ਉਨ੍ਹਾਂ ਉੱਤੇ ਕਾਰਵਾਈ ਕਰਦਿਆਂ ਸਰਕਾਰ ਸਖ਼ਤ ਕਦਮ ਚੁੱਕ ਰਹੀ ਹੈ। ਇਸ ਤੋਂ ਪਹਿਲਾਂ ਓਂਟਾਰੀਓ ਦੇ ਖਜ਼ਾਨਾ ਮੰਤਰੀ ਦਾ ਅਸਤੀਫ਼ਾ ਵੀ ਚਰਚਾ ਦਾ ਵਿਸ਼ਾ ਬਣਿਆ ਰਿਹਾ ਹੈ। ਕੈਨੇਡਾ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ 6 ਲੱਖ ਤੋਂ ਪਾਰ ਹੋ ਜਾਣ ਕਾਰਨ ਮਾਹਿਰਾਂ ਦੀ ਚਿੰਤਾ ਵੱਧ ਗਈ ਹੈ ਤੇ ਕਈ ਖੇਤਰਾਂ ਵਿਚ ਸਖ਼ਤ ਤਾਲਾਬੰਦੀ ਲਾਈ ਗਈ ਹੈ।