ਓਂਟਾਰੀਓ ''ਚ ਕੋਰੋਨਾ ਕਾਰਨ 4 ਹਜ਼ਾਰ ਤੋਂ ਵੱਧ ਲੋਕਾਂ ਦੀ ਗਈ ਜਾਨ
Thursday, Dec 17, 2020 - 11:31 AM (IST)
ਟੋਰਾਂਟੋ- ਕੈਨੇਡਾ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਵੱਧਦੇ ਜਾ ਰਹੇ ਹਨ। ਟੋਰਾਂਟੋ ਸ਼ਹਿਰ ਵਿਚ ਕੋਰੋਨਾ ਦੇ ਨਵੇਂ 800 ਮਾਮਲੇ ਦਰਜ ਕੀਤੇ ਗਏ ਹਨ ਤੇ ਇਸ ਦੇ ਨਾਲ ਹੀ ਓਂਟਾਰੀਓ ਸੂਬੇ ਵਿਚ ਕੋਰੋਨਾ ਕਾਰਨ ਮਰਨ ਵਾਲਿਆਂ ਦੀ ਗਿਣਤੀ 4000 ਤੋਂ ਪਾਰ ਹੋ ਗਈ ਹੈ।
ਸੂਬਾਈ ਸਿਹਤ ਅਧਿਕਾਰੀਆਂ ਮੁਤਾਬਕ ਓਂਟਾਰੀਓ ਸੂਬੇ ਵਿਚ 4,035 ਲੋਕਾਂ ਦੀ ਕੋਰੋਨਾ ਕਾਰਨ ਮੌਤ ਹੋ ਚੁੱਕੀ ਹੈ। ਦੱਸਿਆ ਜਾ ਰਿਹਾ ਹੈ ਕਿ ਕੋਰੋਨਾ ਕਾਰਨ ਮਰਨ ਵਾਲਿਆਂ ਵਿਚੋਂ 33 ਵਿਅਕਤੀ 80 ਸਾਲ ਦੇ ਸਨ, 6 ਵਿਅਕਤੀ 60 ਤੇ 79 ਸਾਲ ਦੇ, 40 ਤੋਂ 59 ਸਾਲ ਦੇ 3 ਅਤੇ 20 ਤੋਂ 39 ਸਾਲ ਦਾ ਇਕ ਵਿਅਕਤੀ ਸੀ।
ਸੂਬੇ ਦੇ 135 ਲਾਂਗ ਟਰਮ ਕੇਅਰ ਹੋਮਜ਼ ਵਿਚ ਕੋਰੋਨਾ ਦੇ ਸਰਗਰਮ ਮਾਮਲੇ ਹਨ। ਸਭ ਤੋਂ ਵੱਧ ਲਾਂਗ ਟਰਮ ਕੇਅਰ ਸੈਂਟਰ ਕੋਰੋਨਾ ਦੀ ਮਾਰ ਹੇਠ ਹਨ।
ਜ਼ਿਕਰਯੋਗ ਹੈ ਕਿ ਬੀਤੇ ਦਿਨ ਸੂਬੇ ਵਿਚ ਕੋਰੋਨਾ ਦੇ 2,275 ਮਾਮਲੇ ਦਰਜ ਹੋਏ ਸਨ, ਜਿਸ ਦੇ ਬਾਅਦ ਓਂਟਾਰੀਓ ਹੈਲਥ ਅਧਿਕਾਰੀਆਂ ਨੇ ਹਸਪਤਾਲਾਂ ਨੂੰ ਵਧੇਰੇ ਤਿਆਰੀ ਰੱਖਣ ਦੀ ਅਪੀਲ ਕੀਤੀ ਹੈ।
ਇਸ ਤੋਂ ਪਹਿਲਾਂ ਸੂਬੇ ਵਿਚ ਸੋਮਵਾਰ ਨੂੰ 1940, ਐਤਵਾਰ ਨੂੰ 1,677 ਅਤੇ ਐਤਵਾਰ ਨੂੰ 1,873 ਮਾਮਲੇ ਦਰਜ ਹੋਏ ਸਨ। ਸਿਹਤ ਮੰਤਰਾਲੇ ਦੇ ਡਾਟਾ ਮੁਤਾਬਕ 24 ਘੰਟਿਆਂ ਦੌਰਾਨ 49,100 ਲੋਕਾਂ ਦਾ ਕੋਰੋਨਾ ਟੈਸਟ ਕੀਤਾ ਗਿਆ, ਜਦਕਿ ਇਸ ਤੋਂ ਇਕ ਦਿਨ ਪਹਿਲਾਂ 39,566 ਲੋਕਾਂ ਦਾ ਟੈਸਟ ਕੀਤਾ ਗਿਆ ਸੀ। ਫਿਲਹਾਲ 65,597 ਲੋਕਾਂ ਦੇ ਕੋਰੋਨਾ ਟੈਸਟ ਦੀ ਜਾਂਚ ਹੋ ਰਹੀ ਹੈ।