ਇਨਸਾਨ ਨੂੰ ਜੀਵਣ ਦੇ ਕਲਿਆਣ ਲਈ ਸਤਿਗੁਰੂ ਦੀ ਸ਼ਰਣ ''ਚ ਜਾਣਾ ਚਾਹੀਦੈ - ਸਵਾਮੀ ਸੱਚਿਦਾਨੰਦ

Saturday, Aug 10, 2024 - 11:09 AM (IST)

ਰੋਮ(ਕੈਂਥ) - ਜਯੋਤੀ ਜਾਗਰਤੀ ਸੰਸਥਾਨ ਯੂਰਪ ਦੁਆਰਾ ਗੁਰੂ ਪੂਰਣਿਮਾ ਦਾ ਮਹਾਨ ਪਰਵ ਦਿਵਯ ਭਵਨ ਮਾਨਤੋਵਾ (ਇਟਲੀ) ਵਿਖੇ ਮਨਾਇਆ ਗਿਆ I ਇਸ ਪ੍ਰੋਗਰਾਮ ਵਿਚ ਸਰਵ ਸ਼੍ਰੀ ਆਸ਼ੂਤੋਸ਼ ਮਹਾਰਾਜ ਦੇ ਸ਼ਿਸ਼ਯ ਸਵਾਮੀ ਸਤਮਿਤਰਾਨੰਦ (ਜਰਮਨੀ ), ਸਵਾਮੀ ਸੱਚਿਦਾਨੰਦ (ਕੈਨੇਡਾ ) ਅਤੇ ਸਾਧਵੀ ਜੈ ਪ੍ਰਭਾ ਭਾਰਤੀ (ਕੈਨੇਡਾ ) ਵਿਸ਼ੇਸ਼  ਤੌਰ 'ਤੇ ਪਹੁੰਚੇ I ਇਸ ਪ੍ਰੋਗਰਾਮ ਵਿਚ ਸੰਗਤਾਂ ਨੂੰ ਸਤਿਗੁਰੂ ਦੀ ਮਹਾਨਤਾ ਬਾਰੇ ਦੱਸਦੇ ਹੋਏ ਸਵਾਮੀ ਸੱਚਿਦਾਨੰਦ ਨੇ ਕਿਹਾ ਕਿ ਵੇਦ ਵਿਆਸ ਜੀ ਨੇ 18 ਪੁਰਾਣਾਂ ਦੀ ਰਚਨਾ ਕੀਤੀ ਪਰ ਇੰਨਾਂ ਸਭ ਕੁਝ ਹੋਣ ਦੇ ਬਾਵਜੂਦ ਵੀ ਉਹ ਅਸ਼ਾਂਤ ਸਨ I ਨਾਰਦ ਜੀ ਉਹਨਾਂ ਦੇ ਅਸ਼ਾਂਤ ਹੋਣ ਦਾ ਕਾਰਨ ਪੁੱਛਦੇ ਹਨ ਤਾਂ ਵੇਦ ਵਿਆਸ ਨੇ ਕਿਹਾ ਕਿ ਮੈਂ ਉਸ ਪ੍ਰਮਾਤਮਾ ਦੇ ਪਰਮ ਤੱਤ ਨੂੰ ਨਹੀਂ ਜਾਣ ਸਕਿਆ I ਉਸ ਸਮੇਂ ਨਾਰਦ ਜੀ ਨੇ ਉਹਨਾਂ ਨੂੰ ਦੀਕਸ਼ਾ ਪ੍ਰਦਾਨ ਕੀਤੀ, ਜਿਸਦਾ ਵਾਸਤਵਿਕ ਅਰਥ ਹੈ ਪਰਮ ਸ਼ਾਂਤੀ ਨਾਲ ਜੁੜ ਜਾਣਾ, ਪਰਮਾਤਮਾ ਦਾ ਪ੍ਰਤੱਖ ਅਨੁਭਵ ਕਰਨਾ I ਪਰਮਾਤਮਾ ਨੂੰ ਜਾਨਣ ਦੇ ਲਈ ਇਕ ਗੁਰੂ ਦੀ ਜਰੂਰਤ ਹੁੰਦੀ ਹੈ ਜਿਸਦੇ ਦੁਆਰਾ ਵਾਸਤਵਿਕ ਸਰੂਪ ਦਾ ਗਿਆਨ ਹੁੰਦਾ ਹੈ I

ਇਸ ਕਾਰਣ ਸਾਡੇ ਧਾਰਮਿਕ ਗ੍ਰੰਥ ਗੁਰੂ ਦੀ ਮਹਿਮਾ ਦਾ ਗੁਣਗਾਨ ਕਰ ਰਹੇ ਹਨ I ਸਾਧਵੀ ਜੈ ਪ੍ਰਭਾ ਭਾਰਤੀ ਨੇ ਕਿਹਾ ਕਿ ਸੰਸਾਰ ਪੂਜਾ ਤਾਂ ਕਰ ਰਿਹਾ ਹੈ ਲੇਕਿਨ ਇਸ ਪੂਜਾ ਦੀ ਵਿਧੀ ਦੇ ਸਬੰਧ ਵਿਚ ਉਸ ਨੂੰ ਗਿਆਨ ਨਹੀਂ ਹੈ I ਜੋ ਗੁਰਮੁੱਖ ਹੁੰਦਾ ਹੈ ਅਤੇ ਇਸਦੀ ਅੰਤਰ ਦ੍ਰਿਸ਼ਟੀ ਖੁਲ੍ਹ ਚੁੱਕੀ ਹੈ ਸਿਰਫ਼ ਉਹ ਹੀ ਪੂਜਾ ਦੀ ਵਿਧੀ ਨੂੰ ਜਾਣਦਾ ਹੈ ਤੇ ਉਸਦੀ ਪੂਜਾ ਹੀ ਸ਼੍ਰੇਸ਼ਠ ਅਤੇ ਸਫਲ ਹੈ I ਮਨੁੱਖ ਨੂੰ ਅੰਦਰਮੁਖੀ ਬਣਾਉਣ ਵਾਲਾ ਕੇਵਲ ਗੁਰੂ ਹੀ ਹੁੰਦਾ ਹੈ ਜਿਸ ਨਾਲ ਉਹ ਬ੍ਰਹਮ ਗਿਆਨ ਨੂੰ ਪ੍ਰਾਪਤ ਕਰਕੇ ਆਪਣੇ ਜੀਵਨ ਨੂੰ ਜਯੋਤੀਮਈ ਬਣਾ ਸਕਦਾ ਹੈ I

ਇਸ ਸਮੇਂ ਸ਼ਾਮਲ ਹੋਣ ਵਾਲੇ ਭਗਤਾਂ ਵਿਚ ਇਟਾਲੀਅਨ ਹਿੰਦੂ ਯੂਨੀਅਨ ਤੋਂ ਸਵਾਮੀ ਨਿਤਯਾਪ੍ਰੇਯਾਨੰਦਾ , ਮੈਂਬਰ ਪਾਰਲੀਮੈਂਟ ਅੰਤੋਨੈਲਾ ਫ਼ੋਰਾਤੀਨੀ, ਏਲੇਨਾ ਬੇਤੇਘੇਲਾ ( ਮੇਅਰ ਮਾਰਮੀਰੋਲੋ), ਨਿਕੋਲੋ ਅਗੋਸਤਾ (ਸੈਕਟਰੀ ਡੇਮੋਕ੍ਰੇਟਿਕ ਪਾਰਟੀ ਮਾਨਤੋਵਾ), ਹਿੰਦੂ ਸਵਯਮ ਸੇਵਕ ਸੰਘ ਤੋਂ ਅਨਿਲ ਕੁਮਾਰ ,ਸੰਤ ਨਿਰੰਕਾਰੀ ਮਿਸ਼ਨ ਤੋਂ ਸ਼੍ਰੀ ਚਮਨ ਲਾਲ ,ਮੌਰੀਸ਼ੀਅਸ ਕਮਿਊਨਿਟੀ ਮਿਲਾਨ, ਸ਼੍ਰੀ ਹਰਿ ਓਮ ਮੰਦਿਰ ਕਮੇਟੀ ( ਪੇਗੋਨਿਆਗਾ ), ਸ਼੍ਰੀ ਦੁਰਗਿਆਣਾ ਮੰਦਿਰ ਕਮੇਟੀ ( ਕਰਮੋਨਾ ), ਅਨਿਲ ਸ਼ਰਮਾ ,ਜੈ ਵੈਸ਼ਨੋ ਮਾਤਾ ਮੰਦਿਰ ਕਮੇਟੀ ਨੋਵੇਲਾਰਾ, ਬਿਸਵਾਸ ਮਿਲਾਨ ਹਾਜਿਰ ਹੋਏ I

ਇਸ ਪ੍ਰੋਗਰਾਮ ਵਿਚ ਸ਼ਾਮਲ ਹੋਣ ਲਈ ਭਗਤ ਜਨ ਇਟਲੀ ਦੇ ਕੋਨੇ-ਕੋਨੇ ਤੋਂ ਭਾਰੀ ਗਿਣਤੀ ਵਿਚ ਸ਼ਾਮਿਲ ਹੋਏ I ਆਈਆਂ ਹੋਈਆਂ ਸੰਗਤਾਂ ਵਾਸਤੇ ਗੁਰੂ ਕਾ ਲੰਗਰ ਵੀ ਤਿਆਰ ਕੀਤਾ ਗਿਆ I ਇਸ ਸਮੇਂ ਦਿਵਯ ਜਯੋਤੀ ਜਾਗਰਤੀ ਸੰਸਥਾਨ ਵੱਲੋਂ ਆਏ ਹੋਏ ਮਹਿਮਾਨਾਂ ਅਤੇ ਸੰਗਤ ਦਾ ਸਵਾਗਤ ਅਤੇ ਧੰਨਵਾਦ ਕੀਤਾ I


Harinder Kaur

Content Editor

Related News