10 ਲੱਖ ਅਫ਼ਗਾਨੀ ਬੱਚਿਆਂ ’ਚ ਗੰਭੀਰ ਕੁਪੋਸ਼ਣ, ਮੌਤ ਦਾ ਖ਼ਤਰਾ ਮੰਡਰਾਇਆ: ਯੂਨੀਸੇਫ
Monday, Oct 11, 2021 - 11:13 AM (IST)
ਕਾਬੁਲ– ਅਫ਼ਗਾਨਿਸਤਾਨ ’ਚ ਅੰਦਾਜ਼ਨ 10 ਲੱਖ ਬੱਚਿਆਂ ਦੇ ਗੰਭੀਰ ਕੁਪੋਸ਼ਣ ਤੋਂ ਪੀੜਤ ਹੋਣ ਦਾ ਅਨੁਮਾਨ ਹੈ, ਜਿਸ ਨਾਲ ਉਨ੍ਹਾਂ ਦੀ ਮੌਤ ਹੋ ਸਕਦੀ ਹੈ। ਯੂਨੀਸੇਫ ਦੇ ਇਕ ਉੱਚ ਅਧਿਕਾਰੀ ਨੇ ਅਫ਼ਗਾਨਿਸਤਾਨ ਦੀ ਯਾਤਰਾ ਖ਼ਤਮ ਕਰਨ ਤੋਂ ਬਾਅਦ ਇਹ ਚਿਤਾਵਨੀ ਦਿੱਤੀ। ਉੱਪ ਕਾਰਜਕਾਰੀ ਡਾਇਰੈਕਟਰ ਉਮਰ ਆਬਦੀ ਨੇ ਤੁਰੰਤ ਸਹਾਇਤਾ ਦੇਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਖਸਰੇ ਦੇ ਗੰਭੀਰ ਕਹਿਰ ਅਤੇ ਪਾਣੀ ਵਾਲੇ ਦਸਤ ਨੇ ਹਾਲਾਤ ਨੂੰ ਹੋਰ ਖ਼ਰਾਬ ਕਰ ਦਿੱਤਾ ਹੈ ਅਤੇ ਜ਼ਿਆਦਾ ਬੱਚਿਆ ਨੂੰ ਖ਼ਤਰੇ ’ਚ ਪਾ ਦਿੱਤਾ ਹੈ।
ਕਾਬੁਲ ਦੇ ਇੰਦਰਾ ਗਾਂਧੀ ਚਿਲਡਰਨ ਹਸਪਤਾਲ ਦੇ ਦੌਰੇ ਦੌਰਾਨ ਆਬਦੀ ਨੇ ਗੰਭੀਰ ਕੁਪੋਸ਼ਣ ਤੋਂ ਪੀੜਤ ਦਰਜਨਾਂ ਬੱਚਿਆਂ ਨਾਲ ਮੁਲਾਕਾਤ ਕੀਤੀ। ਅਫ਼ਗਾਨਿਸਤਾਨ ਵਿਚ ਸੀਨੀਅਰ ਤਾਲਿਬਾਨੀ ਹਸਤੀਆਂ ਨਾਲ ਦੌਰਾਨ ਉਨ੍ਹਾਂ ਨੇ ਬੱਚਿਆਂ ਦੀ ਮੁੱਢਲੀ ਸਿਹਤ ਸੰਭਾਲ, ਟੀਕਾਕਰਨ, ਪੋਸ਼ਣ, ਪਾਣੀ, ਸੈਨੀਟੇਸ਼ਨ ਅਤੇ ਬਾਲ ਸੁਰੱਖਿਆ ਸੇਵਾਵਾਂ ਤੱਕ ਬੱਚਿਆਂ ਦੀ ਪਹੁੰਚ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ। ਯੂਨੀਸੇਫ ਦੇ ਅਨੁਸਾਰ ਟੀਕਾਕਰਣ ਨੂੰ ਉਤਸ਼ਾਹਤ ਕਰਨ ਲਈ ਆਬਦੀ ਨੇ ਇਕ ਕੋਵਿਡ-19 ਅਤੇ ਪੋਲੀਓ ਕਾਲ ਸੈਂਟਰ ਵਿਚ ਸਹਿਭਾਗੀਆਂ ਨਾਲ ਮੁਲਾਕਾਤ ਵੀ ਕੀਤੀ।