ਓਮੀਕਰੋਨ : ਜਾਪਾਨ ਨੇ ਵਿਦੇਸ਼ੀ ਯਾਤਰੀਆਂ ਦੇ ਦਾਖ਼ਲੇ ''ਤੇ ਪਾਬੰਦੀ ਦਾ ਕੀਤਾ ਐਲਾਨ
Monday, Nov 29, 2021 - 04:45 PM (IST)
ਟੋਕੀਓ (ਭਾਸ਼ਾ)- ਜਾਪਾਨ ਨੇ ਸੋਮਵਾਰ ਨੂੰ ਐਲਾਨ ਕੀਤਾ ਕਿ ਉਹ ਕੋਰੋਨਾ ਵਾਇਰਸ ਦੇ ਨਵੇਂ ਵੇਰੀਐਂਟ ਓਮੀਕਰੋਨ ਦੇ ਖ਼ਤਰੇ ਦੇ ਮੱਦੇਨਜ਼ਰ ਦੁਨੀਆ ਭਰ ਤੋਂ ਆਉਣ ਵਾਲੇ ਸਾਰੇ ਵਿਦੇਸ਼ੀ ਯਾਤਰੀਆਂ ਦੇ ਦਾਖ਼ਲੇ 'ਤੇ ਪਾਬੰਦੀ ਲਗਾਏਗਾ। ਦੇਸ਼ ਦੇ ਪ੍ਰਧਾਨ ਮੰਤਰੀ ਫੂਮਿਓ ਕਿਸ਼ਿਦਾ ਨੇ ਕਿਹਾ ਕਿ ਇਹ ਐਲਾਨ ਮੰਗਲਵਾਰ ਤੋਂ ਲਾਗੂ ਹੋਵੇਗਾ। ਇਸ ਘੋਸ਼ਣਾ ਦਾ ਮਤਲਬ ਹੈ ਕਿ ਜਾਪਾਨ ਆਪਣੀ ਸਰਹੱਦ 'ਤੇ ਲੋਕਾਂ ਦੀ ਆਵਾਜਾਈ 'ਤੇ ਨਿਯੰਤਰਣ ਬਹਾਲ ਕਰੇਗਾ, ਜਿਸ ਵਿਚ ਥੋੜ੍ਹੇ ਸਮੇਂ ਲਈ ਆਉਣ ਵਾਲੇ ਕਾਰੋਬਾਰੀ ਯਾਤਰੀਆਂ, ਵਿਦੇਸ਼ੀ ਵਿਦਿਆਰਥੀਆਂ ਅਤੇ ਕਰਮਚਾਰੀਆਂ ਲਈ ਇਸ ਮਹੀਨੇ ਦੀ ਸ਼ੁਰੂਆਤ ਵਿਚ ਢਿੱਲ ਦਿੱਤੀ ਗਈ ਸੀ।
ਜਾਪਾਨ ਨੇ ਹਫ਼ਤੇ ਦੇ ਅੰਤ ਵਿਚ ਦੱਖਣੀ ਅਫਰੀਕਾ ਅਤੇ 8 ਹੋਰ ਦੇਸ਼ਾਂ ਤੋਂ ਆਉਣ ਵਾਲੇ ਲੋਕਾਂ 'ਤੇ ਦਾਖ਼ਲੇ ਦੀਆਂ ਪਾਬੰਦੀਆਂ ਨੂੰ ਸਖ਼ਤ ਕਰ ਦਿੱਤਾ ਸੀ, ਜਿਸ ਤਹਿਤ ਇਨ੍ਹਾਂ ਦੇਸ਼ਾਂ ਦੇ ਯਾਤਰੀਆਂ ਨੂੰ ਸਰਕਾਰ ਵੱਲੋਂ ਚਿੰਨ੍ਹਿਤ ਕੇਂਦਰਾਂ ਵਿਚ 10 ਦਿਨਾਂ ਲਈ ਇਕਾਂਤਵਾਸ ਵਿਚ ਰਹਿਣਾ ਹੋਵੇਗਾ। ਕਈ ਦੇਸ਼ਾਂ ਨੇ ਕੋਰੋਨਾ ਵਾਇਰਸ ਦੇ ਨਵੇਂ ਵੇਰੀਐਂਟ ਓਮੀਕਰੋਨ ਦੇ ਖ਼ਤਰੇ ਨੂੰ ਦੇਖਦੇ ਹੋਏ ਸਰਹੱਦੀ ਪਾਬੰਦੀਆਂ ਸਖ਼ਤ ਕਰ ਦਿੱਤੀਆਂ ਹਨ।