ਪ੍ਰਵਾਸੀ ਭਾਰਤੀਆਂ ਨੇ ਲੰਡਨ ’ਚ ਚੀਨੀ ਦੂਤਘਰ ਸਾਹਮਣੇ ਕੀਤਾ ਪ੍ਰਦਰਸ਼ਨ
Tuesday, Jul 14, 2020 - 03:07 AM (IST)

ਲੰਡਨ – ਪ੍ਰਵਾਸੀ ਭਾਰਤੀਆਂ ਦੇ ਗਰੁੱਪ ਨੇ ਬ੍ਰਿਟੇਨ ਦੀ ਰਾਜਧਾਨੀ ਵਿਚ ਚੀਨੀ ਦੂਤਘਰ ਦੇ ਸਾਹਮਣੇ ਚੀਨ ਦੀਆਂ ਵਿਸਥਾਰਵਾਦੀ ਨੀਤੀਆਂ ਖਿਲਾਫ ਪ੍ਰਦਰਸ਼ਨ ਕੀਤਾ। ਓਵਰਸੀਜ਼ ਫ੍ਰੈਂਡਜ਼ ਆਫ ਬੀ. ਜੀ. ਪੀ. ਦੇ ਮੈਂਬਰਾਂ ਨੇ ‘ਚੀਨ ਪਿੱਛੇ ਹਟੋ’ ਤੇ ‘ਤਿੱਬਤ ਚੀਨ ਦਾ ਹਿੱਸਾ ਨਹੀਂ’ ਲਿਖੇ ਹੋਏ ਬੈਨਰ ਦਿਖਾਏ। ਓਵਰਸੀਜ਼ ਫ੍ਰੈਂਡਜ਼ ਆਫ ਬੀ. ਜੇ. ਪੀ. ਦੇ ਮੁਖੀ ਕੁਲਦੀਪ ਸ਼ੇਖਾਵਤ ਨੇ ਦੱਸਿਆ ਕਿ ਇਹ ਵਿਰੋਧ ਪ੍ਰਦਰਸ਼ਨ ਮੱਧ ਲੰਡਨ ਸਥਿਤ ਚੀਨੀ ਦੂਤਘਰ ਦੀ ਇਮਾਰਤ ’ਤੇ ਇਕ ਵੱਡੇ ਬੈਨਰ ’ਤੇ ਆਜ਼ਾਦ ਤਿੱਬਤ, ਆਜ਼ਾਦ ਹਾਂਗਕਾਂਗ, ਆਜ਼ਾਦ ਉਈਗਰ ਮੁਸਲਿਮ ਲਿਖਿਆ ਮਿਲਣ ਦੇ ਅਗਲੇ ਦਿਨ ਹੋਇਆ। ਪ੍ਰਵਾਸੀ ਭਾਰਤੀਆਂ ਦਾ ਕਹਿਣਾ ਹੈ ਕਿ ਦੂਤਘਰ ਦੀ ਇਮਾਰਤ ’ਤੇ ਨਾਅਰਾ ਲਿਖਣਾ ਉਨ੍ਹਾਂ ਦਾ ਕੰਮ ਨਹੀਂ ਸੀ।
ਇਸ ਵਿਚਾਲੇ, ਪਾਕਿਸਤਾਨ ਦੇ ਕਬਜ਼ੇ ਵਾਲੇ ਗੁਲਾਮ ਕਸ਼ਮੀਰ ਦੇ ਪ੍ਰਦਰਸ਼ਨਕਾਰੀਆਂ ਨੇ ਵੀ ਚੀਨੀ ਦੂਤਘਰ ਦੇ ਸਾਹਮਣੇ ਚੀਨ ਦੀਆਂ ਦਮਨਕਾਰੀ ਨੀਤੀਆਂ ਦਾ ਵਿਰੋਧ ਕੀਤਾ। ਇਸ ਦੌਰਾਨ ਪਾਕਿਸਤਾਨੀ ਪੀ. ਓ. ਕੇ. ਦੇ ਪ੍ਰਦਰਸ਼ਨਕਾਰੀਆਂ ਨੇ ਪ੍ਰਦਰਸ਼ਨ ਦੌਰਾਨ ਵੰਦੇ ਮਾਤਰਮ ਦਾ ਗੀਤ ਗਾਇਆ। ਇਸ ਵਿਚ ਪਾਕਿਸਤਾਨੀ ਮਨੁੱਖੀ ਅਧਿਕਾਰ ਵਰਕਰਾਂ ਨੇ ਚੀਨ ਦਾ ਬਾਈਕਾਟ ਕਰੋ ਤੇ ਡਾਊਨ ਵਿਦ ਚਾਇਨਾ ਦੇ ਨਾਅਰੇ ਲਾਏ। ਉਥੇ ਹੀ ਭਾਰਤੀਆਂ ਨੇ ਯੂਨਾਈਟਿਡ ਸਟੇਟ ਤੇ ਕੈਨੇਡਾ ਸਮੇਤ ਹੋਰਨਾਂ ਹਿੱਸਿਆਂ ਵਿਚ ਵੀ ਚੀਨ ਵਿਰੁੱਧ ਪ੍ਰਦਰਸ਼ਨ ਕੀਤਾ।