ਚੀਨ ਦਾ ਉੱਤਰ ਕੋਰੀਆ ਨੂੰ ਝਟਕਾ : ਕਿਹਾ, ਸਮੇਟ ਲਓ ਬੋਰੀਆ ਬਿਸਤਰਾ
Thursday, Sep 28, 2017 - 06:55 PM (IST)

ਬੀਜਿੰਗ— ਚੀਨ ਨੇ ਦੇਸ਼ 'ਚ ਉੱਤਰ ਕੋਰੀਆ ਦੀਆਂ ਕੰਪਨੀਆਂ ਨੂੰ ਜਨਵਰੀ ਤੱਕ ਆਪਣਾ ਬੋਰੀਆ ਬਿਸਤਰਾ ਸਮੇਟਣ ਦੇ ਹੁਕਮ ਦਿੱਤੇ ਹਨ, ਕਿਉਂਕਿ ਪਿਯੋਂਗਯਾਂਗ ਵਲੋਂ 6ਵੇਂ ਪ੍ਰਮਾਣੂ ਪ੍ਰੀਖਣ ਤੋਂ ਬਾਅਦ ਉੱਤਰ ਕੋਰੀਆ 'ਤੇ ਸੰਯੁਕਤ ਰਾਸ਼ਟਰ ਦੀਆਂ ਪਾਬੰਦੀਆਂ ਨੂੰ ਲਾਗੂ ਕਰ ਦਿੱਤਾ ਗਿਆ ਹੈ।
ਚੀਨ ਦੇ ਵਣਦ ਮੰਤਰਾਲੇ ਨੇ ਵੀਰਵਾਰ ਨੂੰ ਕਿਹਾ ਕਿ ਚੀਨੀ ਕੰਪਨੀਆਂ ਨਾਲ ਸੰਯੁਕਤ ਤੌਰ 'ਤੇ ਚੱਲ ਰਹੀਆਂ ਉੱਤਰ ਕੋਰੀਆ ਦੀਆਂ ਕੰਪਨੀਆਂ ਕੋਲ ਸੰਯੁਕਤ ਰਾਸ਼ਟਰ ਦਾ ਪ੍ਰਸਤਾਵ ਪਾਸ ਹੋਣ ਤੋਂ ਬਾਅਦ ਸਿਰਫ 120 ਦਿਨਾਂ ਦਾ ਸਮਾਂ ਹੈ। ਚੀਨ ਵਲੋਂ ਪਾਬੰਦੀਆਂ ਨੂੰ ਲਾਗੂ ਕਰਨ ਦੀ ਪੁਸ਼ਟੀ ਕਰਨ ਤੋਂ ਬਾਅਦ ਇਹ ਐਲਾਨ ਕੀਤਾ ਗਿਆ। ਇਸ 'ਚ ਉੱਤਰ ਕੋਰੀਆ ਦੇ ਪੈਟਰੋਲੀਅਮ ਉਤਪਾਦਾਂ ਦੀ ਦਰਾਮਦ ਨੂੰ ਸੀਮਤ ਕਰਨਾ ਤੇ ਗੁਆਂਢੀ ਦੇਸ਼ ਤੋਂ ਕੱਪੜਾ ਬਰਾਮਦ 1 ਅਕਤੂਬਰ ਤੋਂ ਬੰਦ ਕਰਨਾ ਸ਼ਾਮਲ ਹੈ। ਸੰਯੁਕਤ ਰਾਸ਼ਟਰ ਦੀਆਂ ਪਾਬੰਦੀਆਂ ਨੂੰ ਚੀਨ ਵਲੋਂ ਲਾਗੂ ਕਰਨਾ ਉੱਤਰ ਕੋਰੀਆ ਲਈ ਨੁਕਸਾਨਦਾਇਕ ਹੈ। ਬੀਜਿੰਗ ਪਿਯੋਂਗਯਾਂਗ ਦਾ ਮੁੱਖ ਸਹਿਯੋਗੀ ਤੇ ਵਪਾਰਕ ਸਾਂਝੇਦਾਰ ਹੈ ਤੇ ਉੱਤਰ ਕੋਰੀਆ ਆਪਣਾ 90 ਫੀਸਦੀ ਵਪਾਰ ਚੀਨ ਨਾਲ ਕਰਦਾ ਹੈ। ਅਮਰੀਕਾ ਚੀਨ 'ਤੇ ਦਬਾਅ ਬਣਾਉਂਦਾ ਰਿਹਾ ਹੈ ਕਿ ਉਹ ਆਪਣੀ ਆਰਥਿਕ ਮਜ਼ਬੂਤੀ ਦੀ ਵਰਤੋਂ ਕਰਕੇ ਉੱਤਰ ਕੋਰੀਆ ਦੇ ਪ੍ਰਮਾਣੂ ਪ੍ਰੋਗਰਾਮਾਂ 'ਤੇ ਲਗਾਮ ਲਗਾਵੇ।