ਉੱਤਰ ਕੋਰੀਆ ਨੇ ਪ੍ਰਮਾਣੂ ਤੇ ਲੰਬੀ ਦੂਰੀ ਦੀਆਂ ਮਿਜ਼ਾਇਲਾਂ ਦੇ ਪ੍ਰੀਖਣ ਦੀ ਦਿੱਤੀ ਧਮਕੀ

10/10/2019 4:47:32 PM

ਸਿਓਲ— ਉੱਤਰ ਕੋਰੀਆ ਨੇ ਵੀਰਵਾਰ ਨੂੰ ਇਕ ਵਾਰ ਫਿਰ ਪ੍ਰਮਾਣੂ ਤੇ ਲੰਬੀ ਦੂਰੀ ਦੀਆਂ ਮਿਜ਼ਾਇਲਾਂ ਦਾ ਪ੍ਰੀਖਣ ਦੁਬਾਰਾ ਸ਼ੁਰੂ ਕਰਨ ਦੀ ਧਮਕੀ ਦਿੱਤੀ ਹੈ। ਉੱਤਰ ਕੋਰੀਆ ਨੇ ਅਮਰੀਕਾ ਨਾਲ ਸਵੀਡਨ 'ਚ ਹੋਈ ਪ੍ਰਮਾਣੂ ਗੱਲਬਾਤ ਨੂੰ ਪਿਛਲੇ ਹਫਤੇ ਦੇ ਅਖੀਰ 'ਚ ਰੱਦ ਕਰ ਦਿੱਤਾ ਸੀ, ਜਿਸ ਤੋਂ ਬਾਅਦ ਉੱਤਰ ਕੋਰੀਆ ਦੇ ਵਿਦੇਸ਼ ਮੰਤਰਾਲੇ ਵਲੋਂ ਇਹ ਚਿਤਾਵਨੀ ਦਿੱਤੀ ਗਈ ਹੈ।

ਉੱਤਰ ਕੋਰੀਆ ਨੇ ਕਿਹਾ ਸੀ ਕਿ ਅਮਰੀਕਾ ਨੇ ਕੋਈ ਨਵਾਂ ਪ੍ਰਸਤਾਵ ਨਹੀਂ ਰੱਖਿਆ, ਇਸ ਲਈ ਇਹ ਗੱਲਬਾਤ ਰੱਦ ਹੋ ਗਈ। ਕੁਝ ਦਿਨ ਪਹਿਲਾਂ ਸੁਰੱਖਿਆ ਪ੍ਰੀਸ਼ਦ ਦੇ ਯੂਰਪੀ ਦੇਸ਼ਾਂ ਨੇ ਉੱਤਰ ਕੋਰੀਆ ਦੇ ਬੈਲਿਸਟਿਕ ਮਿਜ਼ਾਇਲ ਤੇ ਹੋਰ ਹਥਿਆਰਾਂ ਦੇ ਪ੍ਰੀਖਣ ਦੀ ਨਿੰਦਾ ਕੀਤੀ ਸੀ, ਜਿਸ 'ਤੇ ਮੰਗਲਵਾਰ ਨੂੰ ਬਿਆਨ ਜਾਰੀ ਕੀਤਾ। ਬਿਆਨ 'ਚ ਕਿਹਾ ਗਿਆ ਹੈ ਕਿ ਨਿੰਦਾ ਕਰਨ ਦਾ ਮਕਸਦ ਸਾਨੂੰ ਉਕਸਾਉਣਾ ਹੈ ਕਿਉਂਕਿ ਸੁਰੱਖਿਆ ਪ੍ਰੀਸ਼ਦ ਨੇ ਦੋ ਅਕਤੂਬਰ ਨੂੰ ਅਮਰੀਕਾ ਵਲੋਂ ਤਿੰਨ ਅੰਤਰ-ਮਹਾਦੀਪ ਬੈਲਿਸਟਿਕ ਮਿਜ਼ਾਇਲ ਪ੍ਰੀਖਣਾਂ 'ਤੇ ਕੋਈ ਕਾਰਵਾਈ ਨਹੀਂ ਕੀਤੀ। ਉੱਤਰ ਕੋਰੀਆ ਨੇ ਕਿਹਾ ਕਿ ਅਮਰੀਕਾ ਨੇ ਉਸ 'ਤੇ ਦਬਾਅ ਬਣਾਉਣ ਲਈ ਇਨ੍ਹਾਂ ਮਿਜ਼ਾਇਲਾਂ ਦਾ ਪ੍ਰੀਖਣ ਕੀਤਾ। ਪਿਓਂਗਯਾਂਗ ਨੇ ਕਿਹਾ ਕਿ ਅਸੀਂ ਵੀ ਇਸੇ ਤਰ੍ਹਾਂ ਦਾ ਦਬਾਅ ਬਣਾ ਸਕਦੇ ਹਾਂ ਪਰ ਅਸੀਂ ਅਜਿਹਾ ਕਰਨ ਤੋਂ ਬਚ ਰਹੇ ਹਾਂ ਕਿਉਂਕਿ ਅਜਿਹਾ ਕਰਨਾ ਅਜੇ ਗੈਰ-ਜ਼ਰੂਰੀ ਜਾਂ ਜਲਦਬਾਜ਼ੀ ਹੋਵੇਗੀ। ਉੱਤਰ ਕੋਰੀਆ ਵਲੋਂ ਜਾਰੀ ਬਿਆਨ 'ਚ ਕਿਹਾ ਗਿਆ ਹੈ ਕਿ ਸਾਡੇ ਹੌਂਸਲੇ ਦੀ ਵੀ ਇਕ ਸੀਮਾ ਹੈ।


Baljit Singh

Content Editor

Related News