ਉੱਤਰੀ ਕੋਰੀਆ ਨੇ ਬੈਲਿਸਟਿਕ ਮਿਜ਼ਾਈਲ ਦਾ ਕੀਤਾ ਪ੍ਰੀਖਣ

Tuesday, Mar 14, 2023 - 11:16 AM (IST)

ਸਿਓਲ (ਭਾਸ਼ਾ)- ਉੱਤਰੀ ਕੋਰੀਆ ਨੇ ਮੰਗਲਵਾਰ ਨੂੰ ਆਪਣੇ ਪੂਰਬੀ ਜਲ ਖੇਤਰ ਵੱਲ ਇੱਕ ਬੈਲਿਸਟਿਕ ਮਿਜ਼ਾਈਲ ਦਾ ਪ੍ਰੀਖਣ ਕੀਤਾ। ਦੱਖਣੀ ਕੋਰੀਆ ਦੀ ਫ਼ੌਜ ਨੇ ਇਹ ਜਾਣਕਾਰੀ ਦਿੱਤੀ। ਉੱਤਰੀ ਕੋਰੀਆ ਨੇ ਇੱਕ ਹਫ਼ਤੇ ਦੇ ਅੰਦਰ ਦੂਜੀ ਵਾਰ ਮਿਜ਼ਾਈਲ ਦਾ ਪ੍ਰੀਖਣ ਕੀਤਾ ਹੈ। ਦੱਖਣੀ ਕੋਰੀਆ ਅਤੇ ਅਮਰੀਕਾ ਦੀਆਂ ਫ਼ੌਜਾਂ ਨੇ ਸੋਮਵਾਰ ਨੂੰ ਆਪਣਾ ਸਭ ਤੋਂ ਵੱਡਾ ਸੰਯੁਕਤ ਫ਼ੌਜੀ ਅਭਿਆਸ ਸ਼ੁਰੂ ਕੀਤਾ ਹੈ। ਉੱਤਰੀ ਕੋਰੀਆ ਵੱਲੋਂ ਇਹ ਮਿਜ਼ਾਈਲ ਪ੍ਰੀਖਣ ਇਸ ਫ਼ੌਜੀ ਅਭਿਆਸ ਦੇ ਮੱਦੇਨਜ਼ਰ ਕੀਤਾ ਗਿਆ ਹੈ। ਦੱਖਣੀ ਕੋਰੀਆ ਦੀ ਫ਼ੌਜੀ ਦੇ ਮੁਖੀਆਂ ਨੇ ਕਿਹਾ ਹੈ ਕਿ ਤਾਜ਼ਾ ਮਿਜ਼ਾਈਲ ਪ੍ਰੀਖਣ ਮੰਗਲਵਾਰ ਸਵੇਰੇ ਕੀਤਾ ਗਿਆ, ਪਰ ਇਸ ਸਬੰਧ ਵਿਚ ਹੋਰ ਵੇਰਵੇ ਨਹੀਂ ਦਿੱਤੇ ਗਏ ਹਨ।

ਉੱਤਰੀ ਕੋਰੀਆ ਨੇ ਸੋਮਵਾਰ ਨੂੰ ਕਿਹਾ ਸੀ ਕਿ ਉਸ ਨੇ ਇਸ ਸੰਯੁਕਤ ਫ਼ੌਜੀ ਅਭਿਆਸ ਦੇ ਵਿਰੋਧ ਵਿੱਚ ਪਣਡੁੱਬੀ ਰਾਹੀਂ ਕਰੂਜ਼ ਮਿਜ਼ਾਈਲ ਦਾ ਪ੍ਰੀਖਣ ਕੀਤਾ ਹੈ। ਉੱਤਰੀ ਕੋਰੀਆ ਵੱਲੋਂ ਐਤਵਾਰ ਨੂੰ ਕੀਤੇ ਗਏ ਇਸ ਮਿਜ਼ਾਈਲ ਪ੍ਰੀਖਣ ਤੋਂ ਸੰਕੇਤ ਮਿਲਦਾ ਹੈ ਕਿ ਉਹ 11 ਦਿਨਾਂ ਦੇ ਅਮਰੀਕਾ-ਦੱਖਣੀ ਕੋਰੀਆਈ ਫ਼ੌਜੀ ਅਭਿਆਸ ਦੌਰਾਨ ਲਗਾਤਾਰ ਆਪਣੇ ਹਥਿਆਰਾਂ ਦੇ ਪ੍ਰੀਖਣ ਸਬੰਧੀ ਗਤੀਵਿਧੀਆਂ ਨੂੰ ਜਾਰੀ ਰੱਖੇਗਾ। ਪਿਛਲੇ ਹਫ਼ਤੇ, ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਨੇ ਆਪਣੇ ਫੌਜੀਆਂ ਨੂੰ ਆਪਣੇ ਵਿਰੋਧੀਆਂ ਦੀਆਂ "ਯੁੱਧ ਦੀਆਂ ਤਿਆਰੀਆਂ ਅਤੇ ਰਣਨੀਤੀਆਂ" ਨਾਲ ਨਜਿੱਠਣ ਲਈ ਤਿਆਰ ਰਹਿਣ ਦਾ ਹੁਕਮ ਦਿੱਤਾ ਸੀ।


cherry

Content Editor

Related News