ਨੋਬੇਲ ਸ਼ਾਂਤੀ ਪੁਰਸਕਾਰ ਜੇਤੂ ਲੁਈ ਨੂੰ ਇਲਾਜ ਲਈ ਦੇਸ਼ ਤੋਂ ਬਾਹਰ ਜਾਣ ਦੀ ਇਜਾਜ਼ਤ ਨਹੀਂ

06/30/2017 11:05:40 AM

ਬੀਜਿੰਗ— ਚੀਨ ਨੇ ਨੋਬੇਲ ਸ਼ਾਂਤੀ ਪੁਰਸਕਾਰ ਨਾਲ ਸਨਮਾਨਿਤ ਮਾਨਵ ਅਧਿਕਾਰ ਕਾਰਜਕਰਤਾ ਲੁਈ ਜਿਆਬੋ ਨੂੰ ਕੈਂਸਰ ਦੇ ਇਲਾਜ ਲਈ ਦੇਸ਼ ਤੋਂ ਬਾਹਰ ਭੇਜਣ ਤੋਂ ਇਨਕਾਰ ਕਰਦੇ ਹੋਏ ਕਿਹਾ ਹੈ ਕਿ ਦੇਸ਼ 'ਚ ਉਨ੍ਹਾਂ ਦਾ ਇਲਾਜ ਹੋ ਰਿਹਾ ਹੈ।
ਅਮਰੀਕੀ ਮੂਲ ਦੇ ਮਾਨਵ ਅਧਿਕਾਰ ਕਾਰਜਕਰਤਾ ਅਤੇ ਬੁਲਾਰੇ ਜਾਰਡ ਜੇਂਸਰ ਨੇ ਕਲ ਇਕ ਬਿਆਨ ਜਾਰੀ ਕਰ ਕੇ ਕਿਹਾ ਸੀ ਕਿ 154 ਨੋਬੇਲ ਪੁਰਸਕਾਰ ਜੇਤੂਆਂ ਨੇ ਲੁਈ ਜਿਬਾਅੋ ਨੂੰ ਇਲਾਜ ਲਈ ਅਮਰੀਕਾ ਲਿਆਉਣ ਲਈ ਅਮਰੀਕਾ ਨੂੰ ਬੇਨਤੀ ਕੀਤੀ ਹੈ। ਸ਼੍ਰੀ ਜੇਂਸਰ ਸ਼ਾਂਤੀ ਪੁਰਸਕਾਰ ਜੇਤੂ ਦੇ ਵਕੀਲ ਵੀ ਰਹਿ ਚੁੱਕੇ ਹਨ। ਉਨ੍ਹਾਂ ਨੇ ਕਿਹਾ ਕਿ ਨੋਬੇਲ ਪੁਰਸਕਾਰ ਜੇਤੂਆਂ ਦੀ ਟੀਮ ਨੇ ਰਾਸ਼ਟਰਪਤੀ ਡੋਨਾਲਡ ਟਰੰਪ, ਵਿਦੇਸ਼ ਮੰਤਰੀ ਰੇਕਸ ਟਿਲਰਸਨ ਅਤੇ ਚੀਨ 'ਚ ਅਮਰੀਕੀ ਰਾਜਦੂਤ ਟੇਰੀ ਬ੍ਰਾਂਸਟਾ ਨੂੰ ਲਿਖੇ ਪੱਤਰ 'ਚ ਇਹ ਬੇਨਤੀ ਕੀਤੀ ਹੈ।
ਬੀਤੇ ਹਫਤੇ ਚੀਨ ਦੀ ਸਰਕਾਰ ਨੇ ਲੁਈ ਜਿਆਬੋ ਨੂੰ ਮੈਡੀਕਲ ਪੈਰੋਲ 'ਤੇ ਰਿਹਾਅ ਕੀਤਾ ਸੀ। ਉਨ੍ਹਾਂ ਦੇ ਲੀਵਰ 'ਚ ਕੈਂਸਰ ਹੈ ਅਤੇ ਇਹ ਅਖੀਰੀ ਸਟੇਜ 'ਤੇ ਪਹੁੰਚ ਚੁੱਕਾ ਹੈ। ਹਸਪਤਾਲ 'ਚ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਲੁਈ (61) ਨੂੰ ਸਾਲ 2009 'ਚ ਦੇਸ਼ ਦੇ ਸੱਤਾ ਨੂੰ ਨੁਕਸਾਨ ਪਹੁੰਚਾਉਣ ਦਾ ਦੋਸ਼ੀ ਮੰਨ ਕੇ 11 ਸਾਲ ਦੀ ਕੈਦ ਦੀ ਸਜਾ ਦਿੱਤੀ ਗਈ ਸੀ। ਉਨ੍ਹਾਂ ਨੂੰ ਚੀਨ 'ਚ ਰਾਜਨੀਤਕ ਸੁਧਾਰ ਵਾਲੀ ਪਟੀਸ਼ਨ ਦਾਖਲ ਕਰਨ 'ਚ ਸਹਿਯੋਗੀ ਪਾਇਆ ਗਿਆ ਸੀ। ਇਸ ਪਟੀਸ਼ਨ ਨੂੰ 'ਚਾਰਟਰ 08' ਦੇ ਨਾਂ ਨਾਲ ਜਾਣਿਆ ਜਾਂਦਾ ਹੈ। 
ਸਾਲ 1993 ਦੇ ਮੈਡੀਸਨ 'ਚ ਨੋਬੇਲ ਪੁਰਸਕਾਰ ਨਾਲ ਸਨਮਾਨਿਤ ਸਰ ਰਿਚਰਡ ਰਾਬਰਟਸ ਨੇ ਸ਼ਾਂਤੀ ਪੁਰਸਕਾਰ ਜੇਤੂਆਂ ਵੱਲੋਂ ਲਿਖੇ ਪੱਤਰ 'ਚ ਚੀਨ ਦੀ ਸਰਕਾਰ ਤੋਂ ਲੁਆ ਜਿਆਬੋ ਨੂੰ ਮਨੁੱਖੀ ਆਧਾਰ 'ਤੇ ਇਲਾਜ ਲਈ ਅਮਰੀਕਾ ਭੇਜਣ ਦੀ ਅਪੀਲ ਕੀਤੀ ਹੈ। ਜਦਕਿ ਚੀਨ ਨੇ ਕਿਹਾ ਹੈ ਕਿ ਉਨ੍ਹਾਂ ਦੀ ਸਥਿਤੀ ਅਜਿਹੀ ਨਹੀਂ ਹੈ ਕਿ ਉਨ੍ਹਾਂ ਨੂੰ ਦੇਸ਼ ਤੋਂ ਬਾਹਰ ਭੇਜਿਆ ਜਾਵੇ। ਇੱਥੇ ਉਨ੍ਹਾਂ ਦਾ ਬਿਹਤਰ ਇਲਾਜ ਕੀਤਾ ਜਾ ਰਿਹਾ ਹੈ। 
ਚੀਨ ਨੇ ਇਹ ਵੀ ਕਿਹਾ ਹੈ ਕਿ ਲੁਈ ਜਿਆਬੋ ਦੀ ਪਤਨੀ ਲੁਈ ਸ਼ਿਯਾ ਸਮੇਤ ਉਨ੍ਹਾਂ ਦੇ ਪਰਿਵਾਰ ਦੇ ਕਈ ਮੈਂਬਰ ਸ਼ੇਨਯਾਂਗ ਸ਼ਹਿਰ ਦੇ ਹਸਪਤਾਲ 'ਚ ਉਨ੍ਹਾਂ ਦੇ ਨਾਲ ਹਨ ਅਤੇ ਉਹ  ਉਨ੍ਹਾਂ ਦੇ ਇਲਾਜ ਤੋਂ ਸੰਤੁਸ਼ਟ ਹਨ। ਪਰਿਵਾਰ ਵਾਲਿਆਂ ਦੀ ਮੰਗ 'ਤੇ ਉਨ੍ਹਾਂ ਦਾ ਇਲਾਜ ਰਵਾਇਤੀ ਢੰਗ ਨਾਲ ਕੀਤਾ ਜਾ ਰਿਹਾ ਹੈ। ਇਸ 'ਚ ਅਮਰੀਕਾ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਲੁਈ ਜਿਆਬੋ ਦੀ ਸਿਹਤ ਸੰਬੰਧੀ ਜਾਣਕਾਰੀ ਇੱਕਠੀ ਕੀਤੀ ਜਾ ਰਹੀ ਹੈ। 
ਦਸੰਬਰ 2010 'ਚ ਲੁਈ ਨੂੰ ਨੋਬੇਲ ਸ਼ਾਂਤੀ ਪੁਰਸਕਾਰ ਲਈ ਨਾਮਜਦ ਕੀਤਾ ਗਿਆ। ਇਹ ਪੁਰਸਕਾਰ ਉਨ੍ਹਾਂ ਨੂੰ ਚੀਨ 'ਚ ਮਾਨਵ ਅਧਿਕਾਰਾਂ ਨੂੰ ਵਧਾਵਾ ਦੇਣ ਲਈ ਦਿੱਤਾ ਗਿਆ। ਇਸ ਤੋਂ ਨਾਰਾਜ਼ ਚੀਨ ਨੇ ਨਾਰਵੇ ਤੋਂ ਕੂਟਨੀਤਕ ਰਿਸ਼ਤੇ ਤੋੜ ਲਏ ਸਨ। ਕਰੀਬ ਪੰਜ ਸਾਲ ਬਾਅਦ ਦਸੰਬਰ 2016 'ਚ ਦੋਹਾਂ ਦੇਸ਼ਾਂ ਦੇ ਰਿਸ਼ਤੇ ਫਿਰ ਤੋਂ ਸਾਧਾਰਨ ਹੋਏ। 
ਲੁਈ ਸ਼ਿਯਾ ਸਾਲ 2010 'ਚ ਉਨ੍ਹਾਂ ਦੇ ਪਤੀ ਨੂੰ ਨੋਬੇਲ ਪੁਰਸਕਾਰ ਦੇਣ ਦੀ ਘੋਸ਼ਣਾ ਮਗਰੋਂ ਹੀ ਨਜ਼ਰਬੰਦ ਹੈ। ਰਿਪੋਰਟਾਂ ਮੁਤਾਬਕ ਉਨ੍ਹਾਂ ਨੂੰ ਮਹੀਨੇ 'ਚ ਇਕ ਵਾਰੀ ਪਤੀ ਨੂੰ ਮਿਲਣ ਲਈ ਜੇਲ 'ਚ ਜਾਣ ਦੀ ਆਗਿਆ ਸੀ। ਲੁਈ ਨੂੰ ਆਪਣੇ ਸੱਸ-ਸਹੁਰਾ ਦੇ ਮਰਨ 'ਤੇ ਉਨ੍ਹਾਂ ਦੇ ਅੰਤਿਮ ਦਰਸ਼ਨ ਦੀ ਆਗਿਆ ਨਹੀਂ ਮਿਲੀ ਸੀ।


Related News