ਬਾਰਿਸ਼ ਨੇ ਲਿਆਂਦੀ ਤਾਪਮਾਨ ’ਚ ਗਿਰਾਵਟ, ਲੋਕਾਂ ਨੂੰ ਗਰਮੀ ਤੋਂ ਨਹੀਂ ਮਿਲੀ ਰਾਹਤ

07/04/2024 5:44:11 PM

ਗੁਰਦਾਸਪੁਰ (ਹਰਮਨ)- ਗੁਰਦਾਸਪੁਰ ਅੰਦਰ ਪਿਛਲੇ ਤਿੰਨ ਦਿਨਾਂ ਤੋਂ ਤਕਰੀਬਨ ਰੋਜ਼ਾਨਾ ਰਾਤ ਨੂੰ ਹੋ ਰਹੀ ਬਾਰਿਸ਼ ਨੇ ਤਾਪਮਾਨ ਵਿਚ ਬੇਸ਼ੱਕ ਗਿਰਾਵਟ ਲਿਆਂਦੀ ਹੈ ਪਰ ਲੋਕਾਂ ਨੂੰ ਗਰਮੀ ਅਤੇ ਹੁੰਮਸ ਤੋਂ ਅਜੇ ਵੀ ਰਾਹਤ ਨਹੀਂ ਮਿਲੀ ਅਤੇ ਲੋਕ ਇਸ ਗਰਮੀ ਕਾਰਨ ਪ੍ਰੇਸ਼ਾਨ ਹੋ ਰਹੇ ਹਨ। ਦੱਸਣਯੋਗ ਹੈ ਕਿ ਬੀਤੀ ਰਾਤ ਵੀ ਗੁਰਦਾਸਪੁਰ ਅੰਦਰ ਕਰੀਬ 12 ਐੱਮ. ਐੱਮ. ਬਾਰਿਸ਼ ਹੋਈ ਹੈ। ਇਸ ਤੋਂ ਪਿਛਲੀ ਰਾਤ ਵੀ ਇਸ ਇਲਾਕੇ ਅੰਦਰ 8 ਐੱਮ. ਐੱਮ. ਬਾਰਿਸ਼ ਦਰਜ ਕੀਤੀ ਗਈ ਸੀ। ਇਸ ਕਾਰਨ ਇਸ ਇਲਾਕੇ ਅੰਦਰ ਦਿਨ ਦਾ ਤਾਪਮਾਨ 34 ਡਿਗਰੀ ਸੈਂਟੀਗਰੇਡ ਦੇ ਕਰੀਬ ਹੈ, ਜਦੋਂ ਕਿ ਰਾਤ ਦਾ ਤਾਪਮਾਨ 25 ਡਿਗਰੀ ਸੈਂਟੀਗਰੇਡ ਦੇ ਕਰੀਬ ਦੱਸਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ-  GNDU 'ਚ ਸਨਸਨੀ ਖੇਜ ਮਾਮਲਾ, ਸੁਰੱਖਿਆ ਅਮਲੇ ’ਚ ਤਾਇਨਾਤ ਔਰਤਾਂ ਨੇ ਅਧਿਕਾਰੀਆਂ 'ਤੇ ਲਾਏ ਵੱਡੇ ਇਲਜ਼ਾਮ

ਇਸ ਤੋਂ ਪਹਿਲਾਂ ਵੀ ਤਾਪਮਾਨ ਇਸ ਦੇ ਇਰਦ ਗਿਰਦ ਹੀ ਰਿਹਾ ਹੈ। ਬੇਸ਼ੱਕ ਹੁਣ ਲੋਕਾਂ ਨੂੰ 47 ਡਿਗਰੀ ਤਾਪਮਾਨ ਦੇ ਮੁਕਾਬਲੇ 34 ਡਿਗਰੀ ਤਾਪਮਾਨ ਹੋਣ ਕਾਰਨ ਗਰਮੀ ਤੋਂ ਕੁਝ ਰਾਹਤ ਜ਼ਰੂਰ ਮਿਲੀ ਹੈ ਪਰ ਲਗਾਤਾਰ ਤਿੰਨ ਰਾਤਾਂ ਬਾਰਿਸ਼ ਹੋਣ ਦੇ ਬਾਵਜੂਦ ਵੀ ਲੋਕਾਂ ਨੂੰ ਉਮੀਦ ਅਨੁਸਾਰ ਅਜੇ ਮੌਸਮ ਵਿਚ ਠੰਢਕ ਮਹਿਸੂਸ ਨਹੀਂ ਹੋ ਰਹੀ ਅਤੇ ਹੁੰਮਸ ਵਧਣ ਕਾਰਨ ਲੋਕ ਅਜੇ ਵੀ ਗਰਮੀ ਕਾਰਨ ਬੇਹੱਦ ਪ੍ਰੇਸ਼ਾਨ ਹੋਏ ਪਏ ਹਨ।

ਇਹ ਵੀ ਪੜ੍ਹੋ- ਪਿਛਲੇ 5 ਸਾਲਾਂ ਦੇ ਮੁਕਾਬਲੇ ਸਭ ਤੋਂ ਘੱਟ ਬਾਰਿਸ਼ ਵਾਲਾ ਰਿਹਾ ਜੂਨ ਮਹੀਨਾ, ਚੰਡੀਗੜ੍ਹ ’ਚ ਟੁੱਟਿਆ ਰਿਕਾਰਡ

ਇੱਥੋਂ ਤੱਕ ਕਿ ਏ. ਸੀ. ਵਾਲੇ ਕਮਰਿਆਂ ’ਚੋਂ ਬਾਹਰ ਨਿਕਲਦੇ ਹੀ ਲੋਕ ਇਸ ਤਰ੍ਹਾਂ ਮਹਿਸੂਸ ਕਰਦੇ ਹਨ ਜਿਵੇਂ ਉਹ ਕਿਸੇ ਅੱਗ ਦੀ ਭੱਠੀ ਦੇ ਨੇੜੇ ਆ ਗਏ ਹੋਣ। ਮੌਸਮ ਵਿਭਾਗ ਅਨੁਸਾਰ ਵੀਰਵਾਰ, ਸ਼ੁੱਕਰਵਾਰ, ਸ਼ਨੀਵਾਰ ਅਤੇ ਐਤਵਾਰ ਨੂੰ ਇਸ ਇਲਾਕੇ ਅੰਦਰ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ, ਜਿਸ ਕਾਰਨ ਤਾਪਮਾਨ 28 ਤੋਂ 30 ਡਿਗਰੀ ਸੈਂਟੀਗਰੇਡ ਦੇ ਕਰੀਬ ਰਹਿ ਸਕਦਾ ਹੈ ਪਰ ਹਾਲ ਦੀ ਘੜੀ ਇਸ ਗਰਮੀ ਅਤੇ ਹੁੰਮਸ ਨੇ ਲੋਕਾਂ ਦੇ ਨੱਕ ’ਚ ਦਮ ਕੀਤਾ ਹੋਇਆ ਹੈ। ਲੋਕ ਇਹ ਵੀ ਮੰਨ ਰਹੇ ਹਨ ਕਿ ਇਨ੍ਹਾਂ ਦਿਨਾਂ ’ਚ ਝੋਨੇ ਦੀ ਲਵਾਈ ਹੋਣ ਤੋਂ ਬਾਅਦ ਖੇਤਾਂ ਵਿਚ ਖੜ੍ਹਾ ਕੀਤਾ ਪਾਣੀ ਵੀ ਹੁੰਮਸ ਵਿਚ ਵਾਧੇ ਦਾ ਕਾਰਨ ਬਣ ਰਿਹਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News