ਨਾਈਜੀਰੀਆ : ਬੰਦੂਕਧਾਰੀਆਂ ਦੇ ਹਮਲੇ 'ਚ ਲੱਗਭਗ 25 ਲੋਕਾਂ ਦੀ ਮੌਤ
Friday, Dec 21, 2018 - 04:55 PM (IST)

ਅਬੁਜਾ (ਏਜੰਸੀ)— ਨਾਈਜੀਰੀਆ ਦੇ ਉੱਤਰੀ ਸੂਬੇ ਜ਼ਮਫਾਰਾ ਵਿਚ ਤਿੰਨ ਭਾਈਚਾਰਿਆਂ ਵਿਚ ਅਣਪਛਾਤੇ ਬੰਦੂਕਧਾਰੀਆਂ ਵੱਲੋਂ ਹਮਲਾ ਕੀਤਾ ਗਿਆ। ਇਸ ਹਮਲੇ ਵਿਚ ਲੱਗਭਗ 25 ਲੋਕ ਮਾਰੇ ਗਏ ਅਤੇ ਦਰਜਨਾਂ ਜ਼ਖਮੀ ਹੋ ਗਏ। ਸ਼ੁੱਕਰਵਾਰ ਨੂੰ ਜਾਰੀ ਇਕ ਰਿਪੋਰਟ ਵਿਚ ਇਹ ਜਾਣਕਾਰੀ ਦਿੱਤੀ ਗਈ। ਬੁੱਧਵਾਰ ਨੂੰ ਜ਼ਮਫਾਰਾ ਦੇ ਬਿਰਨਿਨ ਮਾਗਜੀ ਸਥਾਨਕ ਸਰਕਾਰੀ ਖੇਤਰ ਵਿਚ ਹਮਲਾ ਕੀਤਾ ਗਿਆ।
ਸਥਾਨਕ ਨਿਵਾਸੀਆਂ ਨੇ ਦੱਸਿਆ ਕਿ ਹਮਲੇ ਸਮੇਂ ਜ਼ਿਆਦਾਤਰ ਪੀੜਤ ਆਪਣੇ ਖੇਤਾਂ ਵਿਚ ਕੰਮ ਕਰ ਰਹੇ ਸਨ, ਮਿੱਠੇ ਆਲੂਆਂ ਦੀ ਵਾਢੀ ਕਰ ਰਹੇ ਸਨ। ਇਕ ਸਥਾਨਕ ਅਖਬਾਰ ਦੀ ਰਿਪੋਰਟ ਮੁਤਾਬਕ ਪੀੜਤਾਂ ਵਿਚ ਜ਼ਿਆਦਾਤਰ ਨੌਜਵਾਨ ਲੋਕ ਸਨ। ਸਥਾਨਕ ਮੀਡੀਆ ਰਿਪੋਰਟ ਮੁਤਾਬਕ ਹਮਲੇ ਵਿਚ ਗਾਰਿਨ ਹਾਲਡੂ ਭਾਈਚਾਰੇ ਦੇ 12 ਲੋਕ ਮਾਰੇ ਗਏ, ਨਾਸਰਵਾ ਗੋਡਾਲ ਭਾਈਚਾਰੇ ਦੇ 4 ਲੋਕ ਜਦਕਿ ਗਾਰਿਨ ਕਾਕਾ ਭਾਈਚਾਰੇ ਦੇ 9 ਲੋਕ ਮਾਰੇ ਗਏ। ਇਕ ਨੌਜਵਾਨ ਸਥਾਨਕ ਲੀਡਰ ਇਬਰਾਹਿਮ ਗਾਲਾਡਿਮਾ ਨੇ ਦੱਸਿਆ ਕਿ ਸਥਾਨਕ ਕੋਲ ਹਾਲ ਵੀ ਹੋਰ ਲਾਸ਼ਾਂ ਦੀ ਤਲਾਸ਼ ਕਰ ਰਹੇ ਹਨ।