PoK ਦੇ ਨਵ-ਨਿਯੁਕਤ ਪ੍ਰਧਾਨ ਮੰਤਰੀ ਇਕ ਜਬਰ-ਜ਼ਨਾਹੀ: ਅਮਜ਼ਦ ਅਯੂਬ
Thursday, Nov 20, 2025 - 08:49 PM (IST)
ਗੁਰਦਾਸਪੁਰ (ਵਿਨੋਦ) - ਪਾਕਿਸਤਾਨ ਦੇ ਕਬਜ਼ੇ ਵਾਲੇ ਜੰਮੂ ਅਤੇ ਕਸ਼ਮੀਰ (ਪੀ. ਓ. ਕੇ.) ਦੇ ਇਕ ਸਿਆਸੀ ਕਾਰਕੁਨ ਅਮਜ਼ਦ ਅਯੂਬ ਮਿਰਜ਼ਾ ਨੇ ਫੈਸਲ ਮੁਮਤਾਜ਼ ਰਾਠੌਰ ਨੂੰ ਪੀ. ਓ. ਕੇ. ਦਾ ਨਵਾਂ ਪ੍ਰਧਾਨ ਮੰਤਰੀ ਬਣਾਉਣ ਦੀ ਸਖ਼ਤ ਆਲੋਚਨਾ ਕੀਤੀ ਹੈ। ਉਨ੍ਹਾਂ ਇਸ ਕਦਮ ਨੂੰ ਇਕ ਘਪਲਾ ਅਤੇ ਇਲਾਕੇ ’ਚ ਟੁੱਟੀ ਹੋਈ ਸਿਆਸੀ ਪ੍ਰਕਿਰਿਆ ਦਾ ਪ੍ਰਤੀਬਿੰਬ ਦੱਸਿਆ ਹੈ। ਸਰਹੱਦ ਪਾਰ ਦੇ ਸੂਤਰਾਂ ਅਨੁਸਾਰ ਅਮਜ਼ਦ ਅਯੂਬ ਮਿਰਜ਼ਾ ਨੇ ਦੋਸ਼ ਲਾਇਆ ਕਿ ਰਾਠੌਰ ਜੋ ਪੀ.ਓ.ਕੇ. ਦੇ ਇਕ ਸਾਬਕਾ ਪ੍ਰਧਾਨ ਮੰਤਰੀ ਦੇ ਬੇਟੇ ਹਨ , ’ਤੇ ਪਹਿਲਾਂ ਵੀ ਗੰਭੀਰ ਦੋਸ਼ ਲੱਗੇ ਹਨ, ਜਿਸ ’ਚ ਮੁਜ਼ੱਫਰਾਬਾਦ ਦੇ ਪਰਲ ਕਾਂਟੀਨੈਂਟਲ ਹੋਟਲ ’ਚ 2013 ’ਚ ਹੋਏ ਸਮੂਹਿਕ ਜਬਰ-ਜ਼ਨਾਹ ਦੀ ਘਟਨਾ ’ਚ ਉਸ ਦੀ ਕਥਿਤ ਸ਼ਮੂਲੀਅਤ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਸ ਕੇਸ ਜਿਸ ’ਚ ਕਥਿਤ ਤੌਰ ’ਤੇ ਤਤਕਾਲੀ ਪ੍ਰਧਾਨ ਮੰਤਰੀ ਯਾਕੂਬ ਖਾਨ ਦਾ ਬੇਟਾ ਵੀ ਸ਼ਾਮਲ ਸੀ, ਨੂੰ ਦਬਾ ਦਿੱਤਾ ਗਿਆ ਅਤੇ ਸਮੇਂ ਦੇ ਨਾਲ ਸਾਰੇ ਸਬੂਤ ਗਾਇਬ ਹੋ ਗਏ।
ਮਿਰਜ਼ਾ ਨੇ ਕਿਹਾ ਕਿ ਪੀੜਤਾ ਜੋ ਕਿ ਪੀ. ਓ. ਕੇ. ਯੂਨੀਵਰਸਿਟੀ ’ਚ ਮਾਸਟਰ ਦੀ ਵਿਦਿਆਰਥਣ ਸੀ, ਨੂੰ ਨੌਕਰੀ ਦੀ ਇੰਟਰਵਿਊ ਦੇ ਬਹਾਨੇ ਇਕ ਹੋਟਲ ’ਚ ਲਿਜਾਇਆ ਗਿਆ ਅਤੇ ਰਾਤ ਭਰ ਕੁੱਟਿਆ ਗਿਆ। ਉਨ੍ਹਾਂ ਕਿਹਾ ਕਿ ਲੜਕੀ ਨੇ ਬਾਅਦ ਵਿਚ ਆਪਣੇ ਮਾਪਿਆਂ ਨੂੰ ਦੱਸਿਆ, ਜਿਨ੍ਹਾਂ ਨੇ ਸ਼ਰਮਿੰਦਗੀ ਤੋਂ ਬਚਣ ਲਈ ਕਥਿਤ ਤੌਰ ’ਤੇ ਉਸ ਨੂੰ ਜ਼ਹਿਰ ਦਿੱਤਾ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਸੂਤਰਾਂ ਅਨੁਸਾਰ ਮਿਰਜ਼ਾ ਨੇ ਦਾਅਵਾ ਕੀਤਾ ਕਿ ਉਸ ਸਮੇਂ ਵਿਰੋਧ ਪ੍ਰਦਰਸ਼ਨ ਹੋਏ ਸਨ ਪਰ ਆਖਿਰਕਾਰ ਮਾਮਲਾ ਦਬਾ ਦਿੱਤਾ ਗਿਆ। ਹੁਣ ਰਾਠੌਰ ਦੇ ਪ੍ਰਧਾਨ ਮੰਤਰੀ ਬਣਨ ਨਾਲ ਲੋਕ ਗੁੱਸੇ ’ਚ ਹਨ।
