ਪਾਕਿ ਫੌਜ ਨੇ ਆਪਣੇ ਹੀ ਨਾਗਰਿਕਾਂ ਦੇ ਘਰਾਂ ਤੇ ਮਸਜਿਦਾਂ ’ਤੇ ਤੋਪਾਂ ਦਾਗੀਆਂ
Saturday, Nov 08, 2025 - 04:14 PM (IST)
ਗੁਰਦਾਸਪੁਰ/ਬਾਜੌਰ (ਵਿਨੋਦ)- ਪਾਕਿਸਤਾਨੀ ਸੂਬੇ ਖੈਬਰ ਪਖਤੂਨਖਵਾ ਦੇ ਬਾਜੌਰ ਦੀ ਖਾਰ ਤਹਿਸੀਲ ਦੇ ਕਈ ਪਿੰਡਾਂ ਦੇ ਸਥਾਨਕ ਲੋਕ ਸੜਕਾਂ ’ਤੇ ਉੱਤਰ ਆਏ ਤੇ ਪਾਕਿਸਤਾਨੀ ਸੁਰੱਖਿਆ ਫੋਰਸਾਂ ’ਤੇ ਅੱਤਵਾਦ ਵਿਰੋਧੀ ਕਾਰਵਾਈ ਦੌਰਾਨ ਉਨ੍ਹਾਂ ਦੇ ਘਰਾਂ ਅਤੇ ਮਸਜਿਦਾਂ ਨੂੰ ਨਿਸ਼ਾਨਾ ਬਣਾਉਣ ਦਾ ਦੋਸ਼ ਲਾਇਆ। ਸਰਹੱਦ ਪਾਰ ਦੇ ਸੂਤਰਾਂ ਅਨੁਸਾਰ ਬਾਜੌਰ-ਪਿਸ਼ਾਵਰ ਹਾਈਵੇ ਦੇ ਨਾਲ ਕੋਸਰ ਖੇਤਰ ’ਚ ਵੱਡਾ ਵਿਰੋਧ ਪ੍ਰਦਰਸ਼ਨ ਹੋਇਆ, ਜਿਸ ’ਚ ਲਾਰਾ ਬੰਦਾ, ਸ਼ਾਗੀ, ਕੋਸਰ, ਜਨਤ ਸ਼ਾਹ, ਗਾਲੋ ਕਾਸ, ਗੋਰੋ ਅਤੇ ਆਲੇ-ਦੁਆਲੇ ਦੇ ਇਲਾਕਿਆਂ ਦੇ ਲੋਕਾਂ ਨੇ ਹਿੱਸਾ ਲਿਆ।
ਪ੍ਰਦਰਸ਼ਨਕਾਰੀਆਂ, ਜਿਨ੍ਹਾਂ ’ਚ ਬਾਜੌਰ ਅਮਨ ਜਿਰਗਾ ਦੇ ਮੁਖੀ ਸਾਹਿਬਜ਼ਾਦਾ ਹਾਰੂਨ ਰਸ਼ੀਦ ਦੀ ਅਗਵਾਈ ਹੇਠ ਰਾਜਨੀਤਿਕ ਤੇ ਸਮਾਜਿਕ ਨੇਤਾ ਸ਼ਾਮਲ ਸਨ, ਨੇ ਹਾਈਵੇ ਨੂੰ ਘੰਟਿਆਂ ਤੱਕ ਬੰਦ ਰੱਖਿਆ, ਜਿਸ ਕਾਰਨ ਸਾਰੇ ਵਾਹਨਾਂ ਦੀ ਆਵਾਜਾਈ ਠੱਪ ਹੋ ਗਈ। ਪ੍ਰਦਰਸ਼ਨਕਾਰੀਆਂ ਨੇ ਸੁਰੱਖਿਆ ਫੋਰਸਾਂ ’ਤੇ ਕੋਸਰ ਅਤੇ ਉਸਦੇ ਆਲੇ-ਦੁਆਲੇ ਦੇ ਇਲਾਕਿਆਂ ’ਚ ਨਾਗਰਿਕ ਦੇ ਘਰਾਂ ਅਤੇ ਮਸਜਿਦਾਂ ’ਤੇ ਤੋਪਾਂ ਸਮੇਤ ਭਾਰੀ ਹਥਿਆਰਾਂ ਨਾਲ ਗੋਲੀਬਾਰੀ ਕਰਨ ਦਾ ਦੋਸ਼ ਲਾਇਆ, ਜਿਸ ਨਾਲ ਸਥਾਨਕ ਲੋਕਾਂ ’ਚ ਦਹਿਸ਼ਤ ਫੈਲ ਗਈ ਅਤੇ ਪਰਿਵਾਰਾਂ, ਖਾਸ ਕਰਕੇ ਔਰਤਾਂ, ਬੱਚਿਆਂ ਅਤੇ ਬਜ਼ੁਰਗਾਂ ਨੂੰ ਖ਼ਤਰਾ ਪੈਦਾ ਹੋ ਗਿਆ।
