ਪਾਕਿਸਤਾਨ ਦੇ ਸ਼ੇਅਰ ਬਾਜ਼ਾਰ ’ਚ ਭੂਚਾਲ, 3000 ਅੰਕ ਡਿੱਗਾ, ਡੁੱਬੇ 32,000 ਕਰੋੜ
Tuesday, Nov 11, 2025 - 09:59 PM (IST)
ਕਰਾਚੀ - 11 ਨਵੰਬਰ 2025 ਨੂੰ ਪਾਕਿਸਤਾਨ ਦੇ ਪ੍ਰਮੁੱਖ ਸ਼ੇਅਰ ਬਾਜ਼ਾਰ ਸੂਚਕ ਅੰਕ ਕਰਾਚੀ ਸਟਾਕ ਐਕਸਚੇਂਜ (ਕੇ. ਐੱਸ. ਈ.)-100 ’ਚ ਤੇਜ਼ ਗਿਰਾਵਟ ਦੇਖਣ ਨੂੰ ਮਿਲੀ। ਸੂਚਕ ਅੰਕ 2 ਫੀਸਦੀ ਟੁੱਟ ਕੇ 1,58,548 ਦੇ ਪੱਧਰ ’ਤੇ ਆ ਗਿਆ।
ਮਜ਼ੇਦਾਰ ਗੱਲ ਇਹ ਹੈ ਕਿ ਪਿਛਲੇ ਇਕ ਸਾਲ ’ਚ ਕੇ. ਐੱਸ. ਈ.-100 ’ਚ 70 ਫੀਸਦੀ ਤੋਂ ਵੱਧ ਉਛਾਲ ਆਇਆ ਸੀ ਪਰ ਅਚਾਨਕ ਬਿਕਵਾਲੀ ਨੇ ਬਾਜ਼ਾਰ ਦੀ ਦਿਸ਼ਾ ਪਲਟ ਦਿੱਤੀ। ਮੁਨਾਫਾਵਸੂਲੀ, ਕਮਜ਼ੋਰ ਤਿਮਾਹੀ ਨਤੀਜੇ, ਰਾਜਨੀਤਿਕ ਅਸਥਿਰਤਾ ਅਤੇ ਵਿਦੇਸ਼ੀ ਨਿਵੇਸ਼ਕਾਂ ਦੀ ਭਾਰੀ ਬਿਕਵਾਲੀ ਨੇ ਬਾਜ਼ਾਰ ਦਾ ਮੂਡ ਵਿਗਾੜਿਆ। ਨਿਵੇਸ਼ਕ ਹੁਣ ਚੌਕਸ ਹੋ ਕੇ ਡਾਟਾ ਅਤੇ ਨੀਤੀ ਸੰਕੇਤਾਂ ਦੀ ਉਡੀਕ ਕਰ ਰਹੇ ਹਨ। ਹਾਲਾਂਕਿ, ਕਈ ਹੋਰ ਵੱਡੀਆਂ ਖਬਰਾਂ ਨੇ ਵੀ ਬਾਜ਼ਾਰ ਨੂੰ ਹਿਲਾਇਆ ਹੈ। ਮੰਨਿਆ ਜਾ ਰਿਹਾ ਹੈ ਕਿ ਅੱਤਵਾਦੀ ਹਮਲਿਆਂ ਦੇ ਬਾਅਦ ਨਿਵੇਸ਼ਕਾਂ ਦੇ ਮਨ ’ਚ ਡਰ ਵਧ ਗਿਆ ਹੈ।
ਇਸ ਗਿਰਾਵਟ ਕਾਰਨ ਐਕਸਚੇਂਜ ਦਾ ਮੁਲਾਂਕਣ ਜਾਂ ਇੰਝ ਕਹੀਏ ਕਿ ਪਾਕਿਸਤਾਨ ਦੇ ਨਿਵੇਸ਼ਕਾਂ ਨੂੰ ਵੱਡਾ ਨੁਕਸਾਨ ਹੋਇਆ ਹੈ। ਅੰਕੜਿਆਂ ਦੀ ਗੱਲ ਕਰੀਏ ਤਾਂ ਇਕ ਦਿਨ ਪਹਿਲਾਂ ਕਰਾਚੀ ਸਟਾਕ ਐਕਸਚੇਂਜ ਦਾ ਮੁਲਾਂਕਣ 70.15 ਬਿਲੀਅਨ ਡਾਲਰ ਦੇਖਣ ਨੂੰ ਮਿਲਿਆ ਸੀ, ਜੋ ਮੰਗਲਵਾਰ ਨੂੰ ਘਟ ਕੇ 69.02 ਬਿਲੀਅਨ ਡਾਲਰ ’ਤੇ ਆ ਗਿਆ। ਇਸ ਦਾ ਮਤਲਬ ਹੈ ਕਿ ਨਿਵੇਸ਼ਕਾਂ ਨੂੰ 1 ਬਿਲੀਅਨ ਡਾਲਰ ਤੋਂ ਵੱਧ ਦਾ ਨੁਕਸਾਨ ਹੋ ਚੁੱਕਾ ਹੈ। ਜੇ ਇਸ ਨੂੰ ਪਾਕਿਸਤਾਨੀ ਰੁਪਏ ’ਚ ਮਾਪੀਏ ਤਾਂ ਲੱਗਭਗ 32,000 ਕਰੋੜ ਰੁਪਏ ਬਣਦੇ ਹਨ, ਜੋ ਕਿ ਇਕ ਵੱਡੀ ਖਬਰ ਹੈ। ਜਾਣਕਾਰਾਂ ਦੀ ਮੰਨੀਏ ਤਾਂ ਆਉਣ ਵਾਲੇ ਦਿਨਾਂ ’ਚ ਪਾਕਿਸਤਾਨ ਦੇ ਸ਼ੇਅਰ ਬਾਜ਼ਾਰਾਂ ’ਚ ਹੋਰ ਵੀ ਗਿਰਾਵਟ ਦੇਖਣ ਨੂੰ ਮਿਲ ਸਕਦੀ ਹੈ।
