ਨਿਊਜ਼ੀਲੈਂਡ : ਪੰਜਾਬੀ ਨੌਜਵਾਨ “ਮਾਰਸ਼ਲ ਵਾਲੀਆ” ਲੋਕਲ ਬੋਰਡ ਚੋਣਾਂ 'ਚ ਨਿੱਤਰਿਆ
Sunday, Jul 24, 2022 - 05:49 PM (IST)
ਆਕਲੈਂਡ (ਹਰਮੀਕ ਸਿੰਘ)- ਨਿਊਜ਼ੀਲੈਂਡ ਵਿੱਚ ਸਥਾਨਕ ਲੋਕਲ ਬੋਰਡ ਚੋਣਾਂ ਦਾ ਬਿਗੁਲ ਵੱਜ ਚੁੱਕਿਆ ਹੈ। ਇਹ ਚੋਣਾਂ ਇਸ ਸਾਲ ਅਕਤੂਬਰ ਮਹੀਨੇ ‘ਚ ਹੋਣਗੀਆਂ। ਲੋਕਲ ਬੋਰਡ ਚੋਣਾਂ ‘ਚ ਚੁਣ ਕੇ ਆਏ ਮੈਂਬਰ ਉਸ ਹਲਕੇ ਦੇ ਅੰਦਰ ਭਵਿੱਖ ਦੇ ਵਿੱਚ ਆਉਣ ਵਾਲੇ ਪ੍ਰੋਜਕਟਸ ਦੀ ਉਸ ਹਲਕੇ ਦੇ ਲੋਕਾਂ ਦੇ ਸਲਾਹ ਮਸ਼ਵਰੇ ਨਾਲ ਵਿਉਂਤਬੰਦੀ ਕਰਦੇ ਹਨ ਤੇ ਸਰਕਾਰ ਤੋਂ ਮਿਲੇ ਫੰਡਾਂ ਨੂੰ ਉਸ ਹਲਕੇ ਦੀ ਬਿਹਤਰੀ 'ਤੇ ਖਰਚਦੇ ਹਨ। ਆਕਲੈਂਡ ਦੇ ਅੰਦਰ ਜਿੱਥੇ ਵੱਖ ਵੱਖ ਲੋਕਲ ਬੋਰਡ ਹਲਕਿਆਂ ਦੇ ਅੰਦਰ ਭਾਰਤੀ ਭਾਈਚਾਰੇ ਦੀ ਵੱਡੀ ਵੱਸੋਂ ਹੈ ਉਥੇ ਹੀ ਭਾਰਤੀ ਭਾਈਚਾਰੇ ਤੋਂ ਬਹੁਤ ਘੱਟ ਲੋਕਲ ਬੋਰਡ ਮੈਂਬਰ ਪਿਛਲੇ ਸਮੇਂ ‘ਚ ਚੁਣੇ ਗਏ ਹਨ।
ਪੰਜਾਬੀਆਂ ਨੂੰ ਇਸ ਵਾਰ ਖੁਸ਼ੀ ਹੋਵੇਗੀ ਕਿ ਪੰਜਾਬੀਆਂ/ਭਾਰਤੀਆਂ ਦੇ ਆਕਲੈਂਡ ਦੇ ਘੁੱਗ ਵਸਦੇ ਇਲਾਕੇ ਮਨੁਰੇਵਾ ਵਿਚੋਂ ਇਸ ਵਾਰ ਪੰਜਾਬੀ ਨੌਜਵਾਨ ਮਾਰਸ਼ਲ ਵਾਲੀਆ (29) ਵੀ “ਲਵ ਮਨੁਰੇਵਾ” ਪਾਰਟੀ ਤੋ ਲੋਕਲ ਬੋਰਡ ਚੋਣਾਂ ‘ਚ ਆਪਣੀ ਕਿਸਮਤ ਅਜ਼ਮਾ ਰਿਹਾ ਹੈ। ਮਾਰਸ਼ਲ, ਭਾਰਤੀ ਕਮਿਊਨਿਟੀ ਤੋਂ ਇਲਾਵਾ ਨਿਊਜ਼ੀਲੈਂਡ ਹੋਰਨਾਂ ਕਮਿਊਨੀਟੀਜ਼ ਵਿੱਚ ਵੀ ਆਪਣੇ ਸ਼ੋਸ਼ਲ ਅਤੇ ਵਲੰਟੀਅਰ ਕੰਮਾਂ ਕਰਕੇ ਬਹੁਤ ਮਸ਼ਹੂਰ ਹੈ। ਸਮਾਜਿਕ ਕੰਮ ਮਾਰਸ਼ਲ ਵਾਲੀਆ ਲਈ ਜਨੂੰਨ ਹੈ ਅਤੇ ਉਹ ਇਹਨਾਂ ਕੰਮਾਂ ਲਈ ਹਰ ਹਫ਼ਤੇ ਕਈ ਘੰਟੇ ਆਪਣੇ ਅਤੇ ਘਰ ਦੇ ਕੰਮ ਤੋਂ ਬਾਅਦ ਵਚਨਬੱਧ ਤਰੀਕੇ ਨਾਲ ਲਾਉਂਦਾ ਹੈ।
ਪੜ੍ਹੋ ਇਹ ਅਹਿਮ ਖ਼ਬਰ-ਇਟਲੀ 'ਚ ਪੰਜਾਬ ਦੀ ਧੀ ਨੇ 8 ਭਾਸ਼ਾਵਾਂ 'ਚ ਕੀਤਾ ਟਾਪ, ਵਧਾਇਆ ਦੇਸ਼ ਦਾ ਮਾਣ
ਮਾਰਸ਼ਲ ਪਿਛਲੇ 12 ਸਾਲਾਂ ਤੋਂ ਨਿਊਜ਼ੀਲੈਂਡ ਰਹਿ ਰਿਹਾ ਹੈ ਅਤੇ ਪਿਛਲੇ ਕਈ ਸਾਲਾਂ ਤੋਂ ਵੱਖ ਵੱਖ ਸੰਸਥਾਵਾਂ ਤੋਂ ਆਪਣੇ ਸਮਾਜਿਕ ਕੰਮਾਂ ਦੇ ਚੱਲਦਿਆਂ ਅਨੇਕਾਂ ਹੀ ਸਨਮਾਨ ਹਾਸਲ ਕਰ ਚੁੱਕਿਆ ਹੈ। ਕੱਲ੍ਹ ਸ਼ਾਮ ਮਨੁਰੇਵਾ ਵਿਖੇ ਐਨ ਜੈਡ ਇੰਡੀਅਨ ਫਲੇਮ ਰੇਸਟੋਰੈਂਟ ਵਿੱਖੇ ਮਨੁਰੇਵਾ ਵਿਖੇ ਮਾਰਸ਼ਲ ਵਾਲੀਆ ਅਤੇ ਉਸਦੀ ਟੀਮ ਨੇ ਭਰਵੇਂ ਇਕੱਠ ‘ਚ ਆਪਣੀ ਚੋਣ ਮੁਹਿੰਮ ਦਾ ਆਗਾਜ਼ ਕੀਤਾ ਅਤੇ ਇਹ ਯਕੀਨ ਦਿਵਾਇਆ ਕਿ ਜੇਕਰ ਉਹ ਅਤੇ ਉਸਦੀ ਟੀਮ ਇਹਨਾਂ ਚੋਣਾਂ ਵਿੱਚ ਜਿੱਤ ਕੇ ਆਉਂਦੀ ਹੈ ਤਾਂ ਪੂਰੀ ਟੀਮ ਮਨੁਰੈਵਾ ਵਾਸੀਆਂ ਦੀ ਬੇਹਤਰੀ ਲਈ ਹਮੇਸ਼ਾ ਵਚਨਬੱਧ ਰਹੇਗੀ ਅਤੇ ਨਿਰੰਤਰ ਕੰਮ ਕਰਦੀ ਰਹੇਗੀ। ਉਹਨਾਂ ਨੇ ਮਨੁਰੇਵਾ ਵਾਸੀਆ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਲੋਕ ਜੋ ਕਿ ਨਿਊਜ਼ੀਲੈਂਡ ਦੇ ਪੱਕੇ ਨਾਗਰਿਕ ਹਨ, ਆਪਣੀ ਵੋਟ ਰਜਿਸਟਰ ਕਰਨ ਅਤੇ ਚੋਣਾਂ ‘ਚ “ਲਵ ਮਨੁਰੇਵਾ” ਪਾਰਟੀ ਦੀ ਸਪੋਰਟ ਕਰਨ। ਮਾਰਸ਼ਲ ਦੇ ਹੱਕ ‘ਚ ਬੋਲਦਿਆਂ ਵੱਖ ਵੱਖ ਬੁਲਾਰਿਆਂ ਨੇ ਜਿਥੇ ਮਾਰਸ਼ਲ ਦੀ ਪ੍ਰਤਿਭਾ ਅਤੇ ਉਸਦੇ ਸਮਾਜ ਪ੍ਰਤੀ ਕੀਤੇ ਕੰਮਾਂ ਦੀ ਸ਼ਲਾਘਾ ਕੀਤੀ ਉਥੇ ਮਨੁਰੇਵਾ ਵਾਸੀਆਂ ਨੂੰ ਉਸਦੇ ਹੱਕ ਵਿਚ ਵੋਟ ਕਰਨ ਦੀ ਅਪੀਲ ਕੀਤੀ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।