ਨਿਊਜ਼ੀਲੈਂਡ ਨੇ ਸੁਰੱਖਿਆ ਚਿੰਤਾਵਾਂ ਵਿਚਕਾਰ ਚੁੱਕਿਆ ਕਦਮ, ਸੰਸਦ ਮੈਂਬਰਾਂ ਦੇ ਫੋਨ 'ਚ TikTok 'ਤੇ ਲਗਾਈ ਪਾਬੰਦੀ
Friday, Mar 17, 2023 - 10:47 AM (IST)
ਆਕਲੈਂਡ (ਏਐਨਆਈ): ਨਿਊਜ਼ੀਲੈਂਡ ਸਰਕਾਰ ਨੇ ਸੁਰੱਖਿਆ ਚਿੰਤਾਵਾਂ ਦੇ ਵਿਚਕਾਰ ਇਕ ਅਹਿਮ ਕਦਮ ਚੁੱਕਿਆ ਹੈ। ਸਰਕਾਰ ਨੇ ਵੀਡੀਓ-ਸ਼ੇਅਰਿੰਗ ਸੋਸ਼ਲ ਨੈਟਵਰਕਿੰਗ ਸੇਵਾ ਟਿਕਟਾਕ ਨੂੰ ਨਿਊਜ਼ੀਲੈਂਡ ਦੇ ਸੰਸਦ ਮੈਂਬਰਾਂ ਦੇ ਫੋਨਾਂ 'ਤੇ ਪਾਬੰਦੀਸ਼ੁਦਾ ਕਰ ਦਿੱਤਾ ਹੈ। ਆਕਲੈਂਡ ਸਥਿਤ ਰੋਜ਼ਾਨਾ ਅਖ਼ਬਾਰ 'ਨਿਊਜ਼ੀਲੈਂਡ ਹੇਰਾਲਡ' ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਨਿਊਜ਼ੀਲੈਂਡ ਹੇਰਾਲਡ ਅਨੁਸਾਰ ਸੰਸਦੀ ਸੇਵਾ ਦੇ ਮੁੱਖ ਕਾਰਜਕਾਰੀ ਰਾਫੇਲ ਗੋਂਜ਼ਾਲੇਜ਼-ਮੋਂਟੇਰੋ ਨੇ ਕਿਹਾ ਕਿ "ਜੋਖਮ ਸਵੀਕਾਰਨਯੋਗ ਨਹੀਂ ਹੈ" ਕਿਉਂਕਿ ਸੋਸ਼ਲ ਮੀਡੀਆ ਸੇਵਾ ਨੂੰ ਲੈ ਕੇ ਪੂਰੀ ਦੁਨੀਆ ਵਿੱਚ ਸਖ਼ਤ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ।
ਬ੍ਰਿਟੇਨ ਵੱਲੋਂ ਸਰਕਾਰੀ ਫੋਨਾਂ 'ਤੇ ਚੀਨੀ ਮਲਕੀਅਤ ਵਾਲੀ ਵੀਡੀਓ ਐਪ 'ਤੇ ਤੁਰੰਤ ਪ੍ਰਭਾਵ ਨਾਲ ਰਾਤੋ ਰਾਤ ਪਾਬੰਦੀ ਲਗਾਉਣ ਤੋਂ ਬਾਅਦ ਕਾਰਜਕਾਰੀ ਨੇ ਨਿਊਜ਼ੀਲੈਂਡ ਦੇ ਸੰਸਦ ਮੈਂਬਰਾਂ ਨੂੰ ਇਸ ਨਵੇਂ ਕਦਮ ਦੀ ਜਾਣਕਾਰੀ ਦਿੱਤੀ। ਆਕਲੈਂਡ-ਅਧਾਰਤ ਅਖ਼ਬਾਰ ਨੇ ਰਿਪੋਰਟ ਦਿੱਤੀ ਕਿ ਚੀਨੀ ਸਰਕਾਰ ਟਿਕਟਾਕ ਤੋਂ ਉਪਭੋਗਤਾ ਡਾਟਾ ਤੱਕ ਪਹੁੰਚ ਕਰ ਸਕਦੀ ਹੈ, ਜੋ ਕਿ ਬੀਜਿੰਗ ਸਥਿਤ ਕਾਰਪੋਰੇਸ਼ਨ ਬਾਈਟਡਾਂਸ ਦੁਆਰਾ ਨਿਯੰਤਰਿਤ ਹੈ। ਇਹ ਪੱਛਮੀ ਸੁਰੱਖਿਆ ਹਿੱਤਾਂ ਨੂੰ ਖ਼ਤਰੇ ਵਿੱਚ ਪਾ ਰਹੀ ਹੈ। ਨਿਊਜ਼ੀਲੈਂਡ ਸਥਿਤ ਮੀਡੀਆ ਕੰਪਨੀ NZME (ਨਿਊਜ਼ੀਲੈਂਡ ਮੀਡੀਆ ਅਤੇ ਐਂਟਰਟੇਨਮੈਂਟ) ਨੂੰ ਦਿੱਤੇ ਇੱਕ ਬਿਆਨ ਵਿੱਚ ਗੋਂਜ਼ਾਲੇਜ਼-ਮੋਂਟੇਰੋ ਨੇ ਇਸ ਫ਼ੈਸਲੇ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਇਹ "ਸਾਡੇ ਸਾਈਬਰ ਸੁਰੱਖਿਆ ਮਾਹਰਾਂ ਦੀ ਸਲਾਹ" 'ਤੇ ਲਿਆ ਗਿਆ ਹੈ।
ਪੜ੍ਹੋ ਇਹ ਅਹਿਮ ਖ਼ਬਰ-ਦੁਨੀਆ ਦੇ ਸਭ ਤੋਂ ਛੋਟੇ ਹੈਲੀਪੈਡ 'ਤੇ ਪਹਿਲੀ ਵਾਰ ਲੈਂਡਿੰਗ, ਸਟੰਟ ਦੇਖ ਰਹਿ ਜਾਓਗੇ ਹੈਰਾਨ
ਮੋਂਟੇਰੋ ਨੇ ਕਿਹਾ ਕਿ ਉਹਨਾਂ ਲਈ ਪ੍ਰਬੰਧ ਕੀਤੇ ਜਾ ਸਕਦੇ ਹਨ ਜਿਨ੍ਹਾਂ ਨੂੰ ਆਪਣੇ ਲੋਕਤੰਤਰੀ ਫਰਜ਼ ਨਿਭਾਉਣ ਲਈ ਐਪ ਦੀ ਲੋੜ ਹੈ। ਹਾਲਾਂਕਿ TikTok ਨੂੰ ਅਜੇ ਵੀ ਵੈੱਬ ਬ੍ਰਾਊਜ਼ਰ ਰਾਹੀਂ ਐਕਸੈਸ ਕੀਤਾ ਜਾ ਸਕਦਾ ਹੈ ਪਰ ਇਸ ਨੂੰ ਉਨ੍ਹਾਂ ਨਿੱਜੀ ਫੋਨਾਂ ਤੋਂ ਅਣਇੰਸਟੌਲ ਕੀਤਾ ਜਾਣਾ ਚਾਹੀਦਾ ਹੈ, ਜਿਨ੍ਹਾਂ ਵਿੱਚ ਪਾਰਲੀਮੈਂਟ ਐਪਲੀਕੇਸ਼ਨ ਵੀ ਹਨ। ਉੱਧਰ ਵ੍ਹਾਈਟ ਹਾਊਸ ਨੇ ਵੀਰਵਾਰ ਨੂੰ Tik Tok 'ਤੇ ਮੀਡੀਆ ਦੇ ਸਵਾਲ ਦਾ ਜਵਾਬ ਦਿੱਤਾ ਅਤੇ ਕਿਹਾ ਕਿ ਐਪ ਅਮਰੀਕਾ ਦੀ ਸੁਰੱਖਿਆ ਅਤੇ ਰਾਸ਼ਟਰੀ ਸੁਰੱਖਿਆ ਨੂੰ ਖਤਰਾ ਪੈਦਾ ਕਰ ਸਕਦੀ ਹੈ। ਇੱਕ ਪ੍ਰੈਸ ਬ੍ਰੀਫਿੰਗ ਦੌਰਾਨ ਟਿਕਟਾਕ ਪਾਬੰਦੀ ਬਾਰੇ ਮੀਡੀਆ ਦੇ ਸਵਾਲ ਦੇ ਜਵਾਬ ਵਿੱਚ, ਵ੍ਹਾਈਟ ਹਾਊਸ ਦੀ ਪ੍ਰੈਸ ਸਕੱਤਰ ਕੈਰੀਨ ਜੀਨ-ਪੀਅਰ ਨੇ ਕਿਹਾ ਕਿ "ਅਸੀਂ ਚੀਨ ਦੁਆਰਾ ਅਜਿਹੇ ਸਾਫਟਵੇਅਰ ਪਲੇਟਫਾਰਮਾਂ ਦੀ ਸੰਭਾਵਿਤ ਵਰਤੋਂ 'ਤੇ ਚਿੰਤਾ ਜ਼ਾਹਰ ਕੀਤੀ ਹੈ ਜੋ ਅਮਰੀਕਾ ਅਤੇ ਰਾਸ਼ਟਰੀ ਸੁਰੱਖਿਆ ਨੂੰ ਖਤਰੇ ਵਿੱਚ ਪਾ ਸਕਦੇ ਹਨ। ਰਾਸ਼ਟਰਪਤੀ ਚਿੰਤਤ ਹਨ ਇਸ ਲਈ ਅਸੀਂ ਕਾਂਗਰਸ ਨੂੰ ਕਾਰਵਾਈ ਕਰਨ ਲਈ ਕਿਹਾ ਹੈ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।