ਨਿਊਜ਼ੀਲੈਂਡ : ਇਰਾਕ ''ਚੋਂ ਆਪਣੇ ਸਾਰੇ ਫੌਜੀ ਬੁਲਾਏਗਾ ਵਾਪਸ
Monday, Jun 10, 2019 - 01:49 PM (IST)

ਵੈਲਿੰਗਟਨ (ਭਾਸ਼ਾ)— ਨਿਊਜ਼ੀਲੈਂਡ ਸਰਕਾਰ ਦਾ ਕਹਿਣਾ ਹੈ ਕਿ ਉਹ ਅਗਲੇ ਸਾਲ ਜੂਨ ਤੱਕ ਆਪਣੇ ਸਾਰੇ ਫੌਜੀਆਂ ਨੂੰ ਇਰਾਕ ਵਿਚੋਂ ਵਾਪਸ ਬੁਲਾ ਲਵੇਗੀ। ਦੱਖਣ ਪ੍ਰਸ਼ਾਂਤ ਦੇਸ਼ ਨੇ ਬਗਦਾਦ ਦੇ ਉੱਤਰ-ਪੱਛਮ ਵਿਚ ਤਾਜ਼ੀ ਮਿਲਟਰੀ ਕੰਪਲੈਕਸ ਵਿਚ 95 ਕਥਿਤ ਗੈਰ ਲੜਾਕੂ ਕਰਮੀਆਂ ਦੀ ਇਕ ਛੋਟੀ ਟੁਕੜੀ ਤਾਇਨਾਤ ਕੀਤੀ ਹੋਈ ਹੈ, ਜਿੱਥੇ ਉਹ ਇਰਾਕੀ ਸੁਰੱਖਿਆ ਬਲਾਂ ਨੂੰ ਸਿਖਲਾਈ ਦੇਣ ਦਾ ਕੰਮ ਕਰਦੀ ਹੈ।
ਇਹ ਸਿਖਲਾਈ ਮਿਸ਼ਨ ਆਸਟ੍ਰੇਲੀਆ ਦੇ ਨਾਲ ਇਕ ਸੰਯੁਕਤ ਮੁਹਿੰਮ ਹੈ ਜਿਸ ਵਿਚ ਲੱਗਭਗ 300 ਫੌਜੀ ਤਾਜ਼ੀ ਵਿਚ ਤਾਇਨਾਤ ਹਨ। ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਨੇ ਸੋਮਵਾਰ ਨੂੰ ਕਿਹਾ ਕਿ ਜੁਲਾਈ ਤੱਕ ਇਰਾਕ ਵਿਚ ਨਿਊਜ਼ੀਲੈਂਡ ਦੇ ਫੌਜੀਆਂ ਦੀ ਗਿਣਤੀ ਘੱਟ ਕੇ 75 ਅਤੇ ਫਿਰ ਸਾਰੇ ਫੌਜੀਆਂ ਦੇ ਵਾਪਸ ਆਉਣ ਤੋਂ ਪਹਿਲਾਂ ਜਨਵਰੀ ਵਿਚ 45 ਰਹਿ ਜਾਵੇਗੀ। ਅਰਡਰਨ ਨੇ ਇਹ ਐਲਾਨ ਵੀ ਕੀਤਾ ਕਿ ਨਿਊਜ਼ੀਲੈਂਡ ਅਫਗਾਨਿਸਤਾਨ ਵਿਚ ਤਾਇਨਾਤ ਰੱਖਿਆ ਬਲ ਦੇ ਕਰਮੀਆਂ ਦੀ ਗਿਣਤੀ 13 ਤੋਂ ਘਟਾ ਕੇ 11 ਕਰੇਗਾ।