ਨਿਊਜ਼ੀਲੈਂਡ ''ਚ 12 ਤੋਂ 15 ਸਾਲ ਦੇ ਬੱਚਿਆਂ ਲਈ ਫਾਈਜ਼ਰ ਵੈਕਸੀਨ ਨੂੰ ਮਨਜ਼ੂਰੀ

Tuesday, Jun 22, 2021 - 11:50 AM (IST)

ਨਿਊਜ਼ੀਲੈਂਡ ''ਚ 12 ਤੋਂ 15 ਸਾਲ ਦੇ ਬੱਚਿਆਂ ਲਈ ਫਾਈਜ਼ਰ ਵੈਕਸੀਨ ਨੂੰ ਮਨਜ਼ੂਰੀ

ਵੈਲਿੰਗਟਨ (ਭਾਸ਼ਾ) ਨਿਊਜ਼ੀਲੈਂਡ ਦੀ ਦਵਾਈ ਰੈਗੁਲੇਟਰ ਮੇਡਸੇਫ ਨੇ 12 ਤੋਂ 15 ਸਾਲ ਦੀ ਉਮਰ ਦੇ ਬੱਚਿਆਂ ਲਈ ਫਾਈਜ਼ਰ ਵੈਕਸੀਨ ਦੀ ਵਰਤੋਂ ਨੂੰ ਤੁਰੰਤ ਮਨਜ਼ੂਰੀ ਦੇ ਦਿੱਤੀ ਹੈ। ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਨੂੰ ਅਗਲੇ ਹਫ਼ਤੇ ਇਸ ਨੂੰ ਕੈਬਨਿਟ ਦੀ ਮਨਜ਼ੂਰੀ ਮਿਲਣ ਦੀ ਆਸ ਹੈ, ਜਿਸ ਮਗਰੋਂ 12-15 ਸਾਲ ਦੇ ਬੱਚੇ ਆਪਣੀ ਵਾਰੀ ਆਉਣ 'ਤੇ ਟੀਕਾ ਲਗਵਾ ਸਕਣਗੇ। ਇਹ ਸੱਚ ਹੈ ਕਿ ਬੱਚਿਆਂ ਨੂੰ ਕੋਵਿਡ-19 ਤੋਂ ਗੰਭੀਰ ਬੀਮਾਰੀ ਜਾਂ ਮੌਤ ਦਾ ਜੋਖ਼ਮ ਬਜ਼ੁਰਗ ਲੋਕਾਂ ਦੀ ਤੁਲਨਾ ਵਿਚ ਘੱਟ ਹੁੰਦਾ ਹੈ ਫਿਰ ਵੀ ਦੋ ਕਾਰਨਾਂ ਤੋਂ ਉਹਨਾਂ ਨੂੰ ਟੀਕਾ ਲਗਾਉਣਾ ਜ਼ਰੂਰੀ ਹੈ। 

ਪਹਿਲਾ ਜੇਕਰ ਬੱਚੇ ਵਾਇਰਸ ਤੋਂ ਪੀੜਤ ਹੁੰਦੇ ਹਨ ਤਾਂ ਉਹ ਇਸ ਨੂੰ ਹੋਰ ਲੋਕਾਂ ਵਿਚ ਫੈਲਾ ਸਕਦੇ ਹਨ, ਜਿਹਨਾਂ ਵਿਚ ਉੱਚ ਜੋਖ਼ਮ ਵਾਲੇ ਸਮੂਹ ਜਾਂ ਅਜਿਹੇ ਲੋਕ ਸ਼ਾਮਲ ਹਨ ਜਿਹਨਾਂ ਨੂੰ ਮੈਡੀਕਲ ਕਾਰਨਾਂ ਤੋਂ ਟੀਕਾ ਨਹੀਂ ਲਗਾਇਆ ਜਾ ਸਕਦਾ ਹੈ। ਕਈ ਦੇਸ਼ਾਂ ਨੇ ਦੇਖਿਆ ਕਿ ਘੱਟ ਉਮਰ ਦੇ ਲੋਕਾਂ ਵਿਚ ਇਸ ਬੀਮਾਰੀ ਦਾ ਪ੍ਰਕੋਪ ਸ਼ੁਰੂ ਹੋਇਆ ਅਤੇ ਇਹ ਵੱਡੀ ਉਮਰ ਦੇ ਲੋਕਾਂ ਵਿਚ ਫੈਲ ਗਿਆ, ਜਿਸ ਨਾਲ ਹਸਪਤਾਲ ਵਿਚ ਦਾਖਲ ਹੋਣ ਅਤੇ ਮੌਤ ਹੋਣ ਤੱਕ ਦੀ ਨੌਬਤ ਆ ਗਈ। ਦੂਜਾ ਬੱਚਿਆਂ ਵਿਚ ਬੀਮਾਰੀ ਨਾਲ ਮੌਤ ਦਾ ਜੋਖ਼ਮ ਭਾਵੇਂ ਬਹੁਤ ਹੀ ਘੱਟ ਹੈ ਫਿਰ ਵੀ ਬੱਚਿਆਂ ਨੂੰ ਕੋਵਿਡ-19 ਦੇ ਨਤੀਜੇ ਵਜੋਂ ਲੰਬੀ ਮਿਆਦ ਵਾਲੀਆਂ ਸਿਹਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਜਿਸ ਨੂੰ ਅਕਸਰ ਲੰਬੇ ਕੋਵਿਡ ਦੇ ਰੂਪ ਵਿਚ ਜਾਣਿਆ ਜਾਂਦਾ ਹੈ। ਅਜਿਹਾ ਦੇਖਿਆ ਗਿਆ ਹੈ ਕਿ ਘੱਟ ਉਮਰ ਦੇ ਲੋਕਾਂ ਦਾ ਇਕ ਵੱਡਾ ਵਰਗ ਇਸ ਤੋਂ ਪ੍ਰਭਾਵਿਤ ਹੋਇਆ ਹੈ। 

ਮੇਡਸੇਫ ਵੱਲੋਂ ਬੱਚਿਆਂ ਵਿਚ ਟੀਕਾਕਰਨ ਦੀ ਪ੍ਰਵਾਨਗੀ ਠੋਸ ਅੰਕੜਿਆਂ 'ਤੇ ਆਧਾਰਿਤ ਹੈ ਜੋ ਦਰਸਾਉਂਦੀ ਹੈ ਕਿ ਟੀਕਾ ਇਸ ਉਮਰ ਵਰਗ ਲਈ ਸੁਰੱਖਿਅਤ ਅਤੇ ਜ਼ਿਆਦਾ ਪ੍ਰਭਾਵੀ ਹੈ। ਇਹ ਯੂਰਪ, ਅਮਰੀਕਾ ਅਤੇ ਕੈਨੇਡਾ ਵਿਚ ਇਸੇ ਤਰ੍ਹਾਂ ਦੇ ਕਦਮਾਂ ਦੀ ਪਾਲਣਾ ਕਰਦਾ ਹੈ। ਨਾਬਾਲਗਾਂ ਦਾ ਟੀਕਾਕਰਨ ਕਰਨ ਨਾਲ ਉਹਨਾਂ ਦੇ ਬੀਮਾਰ ਹੋਣ ਅਤੇ ਦੂਜਿਆਂ ਵਿਚ ਵਾਇਰਸ ਫੈਲਾਉਣ ਦਾ ਖਤਰਾ ਘੱਟ ਹੋ ਜਾਂਦਾ ਹੈ। ਟੀਕਾ ਲਗਵਾ ਕੇ ਅਸੀਂ ਨਾ ਸਿਰਫ ਆਪਣੀ ਸਗੋਂ ਆਪਣੇ ਆਲੇ-ਦੁਆਲੇ ਦੇ ਲੋਕਾਂ ਦੀ ਵੀ ਸੁਰੱਖਿਆ ਕਰਦੇ ਹਾਂ। 

ਪੜ੍ਹੋ ਇਹ ਅਹਿਮ ਖਬਰ- ਬਾਈਡੇਨ ਪ੍ਰਸ਼ਾਸਨ ਤੋਂ H-1B ਵੀਜ਼ਾ ਅਤੇ ਗ੍ਰੀਨ ਕਾਰਡ ਆਧਾਰਿਤ ਨਿਯਮਾਂ 'ਚ ਤਬਦੀਲੀ ਕਰਨ ਦੀ ਮੰਗ

ਬੱਚਿਆਂ ਲਈ ਨਿਊਜ਼ੀਲੈਡ ਦੀ ਨਵੀਂ ਟੀਕਾਕਰਨ ਯੋਜਨਾ 
ਨਿਊਜ਼ੀਲੈਂਡ ਵਿਚ 265,000 ਬੱਚੇ 12-15 ਉਮਰ ਵਰਗ ਵਿਚ ਹਨ ਜੋ ਕੁੱਲ ਆਬਾਦੀ ਦੇ 5 ਫੀਸਦ ਤੋਂ ਵੱਧ ਹੈ। ਇਸ ਨੂੰ ਉਹਨਾਂ 80 ਫੀਸਦੀ ਵਿਚ ਜੋੜੀਏ ਜਿਹੜੇ 16 ਸਾਲ ਤੋਂ ਵੱਧ ਉਮਰ ਦੇ ਹਨ ਤਾਂ ਇਸ ਦਾ ਮਤਲਬ ਹੈ ਕਿ ਫਾਈਜ਼ਰ ਵੈਕਸੀਨ ਨੂੰ ਹੁਣ 85 ਫੀਸਦੀ ਆਬਾਦੀ ਵਿਚ ਵਰਤੋਂ ਲਈ ਮੇਡਸੇਫ ਦੀ ਮਨਜ਼ੂਰੀ ਮਿਲ ਗਈ ਹੈ। ਇਹ ਚੰਗੀ ਖ਼ਬਰ ਹੈ।

ਮੌਜੂਦਾ ਸਮੇਂ ਨਿਊਜ਼ੀਲੈਂਡ ਨੂੰ ਦੁਨੀਆ ਭਰ ਦੇ ਦੇਸ਼ਾਂ ਤੋਂ ਕੋਵਿਡ-19 ਦੇ ਇਨਫੈਕਸ਼ਨ ਦਾ ਖਤਰਾ ਹੈ ਅਤੇ ਟੀਕਾਕਰਨ ਨਾਲ ਉਸ ਖਤਰੇ ਨੂੰ ਘੱਟ ਕੀਤਾ ਜਾ ਸਕਦਾ ਹੈ। ਇਹੀ ਕਾਰਨ ਹੈ ਕਿ ਸਰਕਾਰ ਨੇ ਸਾਲ ਦੇ ਅਖੀਰ ਤੱਕ ਸਾਰਿਆਂ ਨੂੰ ਵੈਕਸੀਨ ਲਗਾਉਣ ਦੀ ਯੋਜਨਾ ਬਣਾਈ ਹੈ।ਅਰਡਰਨ ਨੇ ਕਿਹਾ ਕਿ ਨਿਊਜ਼ੀਲੈਂਡ ਨੇ ਫਾਈਜ਼ਰ ਦਾ ਪਹਿਲਾਂ ਤੋਂ ਜਿਹੜਾ ਆਰਡਰ ਦਿੱਤਾ ਹੋਇਆ ਹੈ ਉਸ ਨਾਲ 12-15 ਸਾਲ ਦੇ ਬੱਚਿਆਂ ਨੂੰ ਦੋ ਖੁਰਾਕਾਂ ਦਿੱਤੀਆਂ ਜਾ ਸਕਣਗੀਆਂ। ਹੁਣ ਇਹ ਸਾਡੇ 'ਤੇ ਨਿਰਭਰ ਕਰਦਾ ਹੈ ਕਿ ਅਸੀਂ ਆਪਣੀ ਵਾਰੀ ਆਉਣ 'ਤੇ ਆਪਣਾ ਫਰਜ਼ ਪੂਰਾ ਕਰੀਏ।  

ਨੋਟ- ਨਿਊਜ਼ੀਲੈਂਡ 'ਚ 12 ਤੋਂ 15 ਸਾਲ ਦੇ ਬੱਚਿਆਂ ਲਈ ਫਾਈਜ਼ਰ ਵੈਕਸੀਨ ਨੂੰ ਮਨਜ਼ੂਰੀ. ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News