ਨਿਊਯਾਰਕ ''ਚ ਕੋਰੋਨਾ ਕਾਰਨ ਸਕੂਲ ਬੰਦ, 3 ਲੱਖ ਵਿਦਿਆਰਥੀਆਂ ਨੂੰ ਭੇਜਿਆ ਗਿਆ ਘਰ
Friday, Nov 20, 2020 - 01:21 PM (IST)
ਫਰਿਜ਼ਨੋ (ਗੁਰਿੰਦਰਜੀਤ ਨੀਟਾ ਮਾਛੀਕੇ)- ਕੋਰੋਨਾ ਦੇ ਲਗਾਤਾਰ ਵੱਧ ਰਹੇ ਮਾਮਲਿਆਂ ਨੇ ਕਾਰੋਬਾਰਾਂ ਅਤੇ ਹੋਰ ਖੇਤਰਾਂ ਦੇ ਨਾਲ-ਨਾਲ ਸਕੂਲਾਂ ਨੂੰ ਵੀ ਲਪੇਟ ਵਿਚ ਲਿਆ ਹੈ। ਬੁੱਧਵਾਰ ਨੂੰ ਅਧਿਕਾਰੀਆਂ ਦੇ ਐਲਾਨ ਨਾਲ ਮਾਮਲਿਆਂ ਦੇ ਵਾਧੇ ਕਾਰਨ ਨਿਊਯਾਰਕ ਸਿਟੀ ਦਾ ਪਬਲਿਕ ਸਕੂਲ ਸਿਸਟਮ, ਜੋ ਦੇਸ਼ ਦਾ ਸਭ ਤੋਂ ਵੱਡਾ ਸਕੂਲ ਪ੍ਰਬੰਧ ਹੈ,ਵੀਰਵਾਰ ਨੂੰ ਵਿਅਕਤੀਗਤ ਸਿੱਖਿਆ ਲਈ ਬੰਦ ਹੋ ਜਾਵੇਗਾ।
ਇਸ ਫੈਸਲੇ ਨਾਲ ਅੰਦਾਜ਼ਨ 3 ਲੱਖ ਵਿਦਿਆਰਥੀ ਘਰ ਭੇਜੇ ਗਏ ਹਨ ਜੋ ਮਹਾਮਾਰੀ ਦੌਰਾਨ ਵਿਅਕਤੀਗਤ ਕਲਾਸਾਂ ਵਿਚ ਸ਼ਾਮਲ ਹੋਏ ਸਨ। ਇਸ ਸੰਬੰਧੀ ਚਾਂਸਲਰ ਰਿਚਰਡ ਕੈਰਨਜ਼ਾ ਨੇ ਮਾਪਿਆਂ ਨੂੰ ਇਕ ਪੱਤਰ ਰਾਹੀਂ ਹਾਲ ਹੀ ਵਿਚ ਵਾਇਰਸ ਦੇ ਹੋਏ ਵਾਧੇ ਕਾਰਨ ਸਾਰੇ ਵਿਦਿਆਰਥੀਆਂ ਨੂੰ ਰਿਮੋਟ ਲਰਨਿੰਗ ਦੀ ਜ਼ਰੂਰਤ ਬਾਰੇ ਦੱਸਿਆ ਹੈ। ਇਸ ਦੇ ਨਾਲ ਹੀ ਮੇਅਰ ਬਿਲ ਡੀ ਬਲਾਸੀਓ ਨੇ ਕਿਹਾ ਕਿ ਸ਼ਹਿਰ ਸਕੂਲ ਬੰਦ ਕਰਨ ਲਈ ਸੱਤ ਦਿਨਾਂ ਦੀ ਰੋਲਿੰਗ ਔਸਤ ਨਾਲੋਂ 3 ਫ਼ੀਸਦੀ ਟੈਸਟਿੰਗ ਸਕਾਰਾਤਮਕ ਦਰ ਨਾਲ ਸਿਰੇ 'ਤੇ ਪਹੁੰਚ ਗਿਆ ਹੈ, ਜਿੱਥੇ ਕੋਰੋਨਾ ਦੀ ਦੂਜੀ ਲਹਿਰ ਨਾਲ ਲੜਨਾ ਜਰੂਰੀ ਹੈ।
ਮੇਅਰ ਅਨੁਸਾਰ ਵਿਦਿਆਰਥੀਆਂ ਦੇ ਵਿਅਕਤੀਗਤ ਸਿਖਲਾਈ ਵੱਲ ਵਾਪਸ ਜਾਣ ਤੱਕ ਅਧਿਕਾਰੀ ਸਕੂਲਾਂ ਵਿਚ ਟੈਸਟਿੰਗ ਦੀ ਸਮਰੱਥਾ ਵਧਾਉਣ 'ਤੇ ਭਾਰੀ ਜ਼ੋਰ ਦੇ ਕੇ ਨਵੇਂ ਉਪਾਅ ਵਿਕਸਿਤ ਕਰਨਗੇ। ਰਾਜਪਾਲ ਐਂਡਰਿਊ ਕੁਓਮੋ ਨੇ ਵੀ ਬੁੱਧਵਾਰ ਨੂੰ ਇਕ ਨਿਊਜ਼ ਕਾਨਫਰੰਸ ਵਿਚ ਕਿਹਾ ਕਿ ਨਿਊਯਾਰਕ ਦੀ ਸਕਾਰਾਤਮਕ ਦਰ ਇਸ ਸਮੇਂ 2.88 ਫ਼ੀਸਦੀ ਹੈ ਜਦਕਿ ਹਸਪਤਾਲਾਂ ਵਿਚ 2,202 ਮਰੀਜ਼ ਦਾਖਲ ਹਨ। ਇਸਦੇ ਨਾਲ ਹੀ ਬੁੱਧਵਾਰ ਨੂੰ 35 ਹੋਰ ਲੋਕਾਂ ਦੀ ਮੌਤ ਵੀ ਹੋ ਗਈ ਹੈ।