ਨਿਊਯਾਰਕ ਸਿਟੀ ਨੇ ਭਾਰ ਅਤੇ ਲੰਬਾਈ ਦੇ ਆਧਾਰ ''ਤੇ ਭੇਦਭਾਵ ''ਤੇ ਲਗਾਈ ਪਾਬੰਦੀ
Saturday, May 27, 2023 - 03:56 PM (IST)
ਨਿਊਯਾਰਕ (ਭਾਸ਼ਾ)- ਨਿਊਯਾਰਕ ਸਿਟੀ ਦੇ ਮੇਅਰ ਐਰਿਕ ਐਡਮਜ਼ ਨੇ ਸ਼ੁੱਕਰਵਾਰ ਨੂੰ ਇਕ ਕਾਨੂੰਨ 'ਤੇ ਹਸਤਾਖ਼ਰ ਕੀਤੇ, ਜੋ ਭਾਰ ਅਤੇ ਲੰਬਾਈ ਵਰਗੇ ਸਰੀਰਕ ਮਾਪਦੰਡਾਂ ਦੇ ਆਧਾਰ 'ਤੇ ਭੇਦਭਾਵ 'ਤੇ ਪਾਬੰਦੀ ਲਗਾਏਗਾ। ਭਾਰ ਅਤੇ ਲੰਬਾਈ ਹੁਣ ਨਸਲ, ਲਿੰਗ ਅਤੇ ਧਰਮ ਵਰਗੀਆਂ ਸੁਰੱਖਿਅਤ ਸ਼੍ਰੇਣੀਆਂ ਦੀ ਸੂਚੀ ਵਿਚ ਸ਼ਾਮਲ ਹੋ ਗਏ ਹਨ। 'ਸਿਟੀ ਹਾਲ' ਬਿੱਲ ਹਸਤਾਖ਼ਰ ਸਮਾਰੋਹ ਵਿਚ ਮੇਅਰ ਨੇ ਕਿਹਾ, ਅਸੀਂ ਸਾਰੇਂ ਰੁਜ਼ਗਾਰ ਅਤੇ ਰਿਹਾਇਸ਼ ਤੱਕ ਬਰਾਬਰ ਪਹੁੰਚ ਦੇ ਪਾਤਰ ਹਾਂ, ਭਾਵੇਂ ਅਸੀਂ ਕਿਹੋ ਜਿਹੇ ਦਿਖਦੇ ਹੋਈਏ ਅਤੇ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਤੁਸੀਂ ਕਿੰਨੇ ਲੰਬੇ ਹੋ ਜਾਂ ਤੁਹਾਡਾ ਭਾਰ ਕਿੰਨਾ ਹੈ।
ਡੈਮੋਕ੍ਰੇਟਿਕ ਪਾਰਟੀ ਦੇ ਨੇਤਾ ਐਡਮਜ਼ ਨੇ ਕਿਹਾ ਕਿ ਆਰਡੀਨੈਂਸ ਸਾਰੇ ਨਿਊਯਾਰਕ ਵਾਸੀਆਂ ਨੂੰ ਬਰਾਬਰ ਮੌਕੇ ਪ੍ਰਦਾਨ ਕਰਨ ਵਿਚ ਮਦਦ ਕਰੇਗਾ। ਇਹ ਵਧੇਰੇ ਸੰਮਲਿਤ ਕੰਮ ਵਾਲੀ ਥਾਂ ਅਤੇ ਰਹਿਣ ਲਈ ਅਨੁਕੂਲ ਵਾਤਾਵਰਣ ਬਣਾਏਗਾ ਅਤੇ ਭੇਦਭਾਵ ਤੋਂ ਰੱਖਿਆ ਕਰੇਗਾ। ਨਗਰ ਕੌਂਸਲ ਨੇ ਇਸ ਮਹੀਨੇ ਆਰਡੀਨੈਂਸ ਨੂੰ ਪਾਸ ਕੀਤਾ ਸੀ। ਕੁੱਝ ਕਾਰੋਬਾਰੀ ਨੇਤਾਵਾਂ ਨੇ ਕੌਂਸਲ ਦੇ ਸਾਹਮਣੇ ਕਾਨੂੰਨ ਨੂੰ ਰੱਖੇ ਜਾਣ ਦੌਰਾਨ ਇਸ ਦਾ ਵਿਰੋਧ ਕੀਤਾ ਸੀ। ਨਿਊਯਾਰਕ ਸਿਟੀ ਪਾਰਟਨਰਸ਼ਿਪ ਦੀ ਪ੍ਰਧਾਨ ਅਤੇ ਸੀ.ਈ.ਓ. ਕੈਥੀ ਵਾਈਲਡ ਨੇ ਇਕ ਬਿਆਨ ਵਿਚ ਕਿਹਾ ਕਿ ਇਸ ਕਾਨੂੰਨ ਦੇ ਪ੍ਰਭਾਵ ਅਤੇ ਲਾਗਤ ਦੀ ਮਿਆਦ 'ਤੇ ਪੂਰੀ ਤਰ੍ਹਾਂ ਨਾਲ ਵਿਚਾਰ ਨਹੀਂ ਕੀਤਾ ਗਿਆ ਹੈ।