ਖੁਸ਼ੀਆਂ ਦੇ ਨਾਲ ਹੀ ਟੁੱਟਾ ਦੁੱਖਾਂ ਦਾ ਪਹਾੜ, ਬੇਟੇ ਨੂੰ ਜਨਮ ਦਿੰਦੇ ਹੀ ਨਾਮੁਰਾਦ ਬੀਮਾਰੀ ਨੇ ਘੇਰੀ ਮਾਂ

03/26/2017 5:18:24 PM

ਨੋਵਾ ਸਕੋਟੀਆ— ਕੈਨੇਡਾ ਵਿਚ ਫਲੈਸ਼ ਈਟਿੰਗ ਨਾਮੀ ਬੀਮਾਰੀ ਦਾ ਇਕ ਹੋਰ ਦਰਦਨਾਕ ਮਾਮਲਾ ਸਾਹਮਣੇ ਆਇਆ ਹੈ। ਨੋਵਾ ਸਕੋਟੀਆ ਦੀ ਇਕ ਔਰਤ ਨੂੰ ਬੇਟੇ ਦੇ ਜਨਮ ਦੇ ਰੂਪ ਵਿਚ ਖੁਸ਼ੀਆਂ ਤਾਂ ਮਿਲੀਆਂ ਪਰ ਇਸ ਦੇ ਨਾਲ ਹੀ ਉਸ ਨੂੰ ਫਲੈਸ਼ ਈਟਿੰਗ ਦੀ ਬੀਮਾਰੀ ਨੇ ਘੇਰ ਲਿਆ। ਇਹ ''ਗਰੁੱਪ ਏ ਸਟਰੇਪਟੋਕੋਕਲ'' ਇਨਫੈਕਸ਼ਨ ਹੈ, ਜਿਸ ਨਾਲ ਪੂਰੇ ਸਰੀਰ ਦੇ ਅੰਗਾਂ ਵਿਚ ਭਿਆਨਕ ਦਰਦ ਹੁੰਦਾ ਹੈ ਅਤੇ ਮਰੀਜ਼ ਦੀ ਜਾਨ ਬਚਾਉਣ ਲਈ ਉਸ ਦੇ ਕੁਝ ਅੰਗਾਂ ਨੂੰ ਕੱਟ ਕੇ ਸਰੀਰ ਤੋਂ ਵੱਖ ਕਰਨਾ ਪੈਂਦਾ ਹੈ। 
ਲਿੰਡਸੇ ਹਬਲੇ ਨਾਮੀ 33 ਸਾਲਾ ਔਰਤ ਨੇ ਹੈਲੀਫੈਕਸ ਵਿਖੇ 2 ਮਾਰਚ ਨੂੰ ਆਪਣੇ ਪਹਿਲੇ ਬੱਚੇ ਨੂੰ ਜਨਮ ਦਿੱਤਾ। ਅਜੇ ਉਸ ਨੇ ਆਪਣੇ ਬੱਚੇ ਨੂੰ ਰੱਜ ਕੇ ਦੇਖਿਆ ਵੀ ਨਹੀਂ ਸੀ ਕਿ 6 ਮਾਰਚ ਨੂੰ ਉਸ ਨੂੰ ਸਰੀਰ ਵਿਚ ਭਿਆਨਕ ਦਰਦ ਦੀ ਸ਼ਿਕਾਇਤ ਤੋਂ ਬਾਅਦ ਹਸਪਤਾਲ ਵਿਚ ਦੁਬਾਰਾ ਦਾਖਲ ਕਰਵਾਇਆ ਗਿਆ। ਡਾਕਟਰਾਂ ਨੇ ਜਾਂਚ ਕਰਕੇ ਦੱਸਿਆ ਕਿ ਉਸ ''ਤੇ ''ਗਰੁੱਪ ਏ ਸਟਰੇਪਟੋਕੋਕਲ'' ਇਨਫੈਕਸ਼ਨ ਦਾ ਹਮਲਾ ਹੋਇਆ ਹੈ। ਤੁਰੰਤ ਉਸ ਦਾ ਆਪ੍ਰੇਸ਼ਨ ਕੀਤਾ ਗਿਆ। ਡਾਕਟਰਾਂ ਨੇ ਉਸ ਦੇ ਇਲਾਜ਼ ਲਈ ਉਸ ਨੂੰ ਕਾਫੀ ਦੇਰ ਤੱਕ ਕੋਮਾ ਵਿਚ ਰੱਖਿਆ। ਹਾਲਾਂਕਿ ਉਹ ਅਪਾਹਜ਼ ਹੋਣ ਤੋਂ ਬਚ ਗਈ, ਕਿਉਂਕਿ ਉਸ ਦੀ ਬੀਮਾਰੀ ਦਾ ਸ਼ੁਰੂਆਤ ਵਿਚ ਹੀ ਪਤਾ ਲੱਗ ਗਿਆ। ਹਾਲਾਂਕਿ ਉਸ ਨੂੰ ਠੀਕ ਹੋਣ ਵਿਚ ਲੰਬਾ ਸਮਾਂ ਲੱਗ ਸਕਦਾ ਹੈ। 
ਹੰਬਲੇ ਦੇ ਇਲਾਜ਼ ਲਈ ਪਰਿਵਾਰ ਨੇ ''ਗੋ ਫੰਡ ਮੀ'' ਪੇਜ ਦੀ ਵੀ ਸ਼ੁਰੂਆਤ ਕੀਤੀ ਹੈ। ਸ਼ੁੱਕਰਵਾਰ ਤੱਕ ਇਸ ਪੇਜ ਦੀ ਮਦਦ ਨਾਲ 51000 ਡਾਲਰ ਇਕੱਠੇ ਕੀਤੇ ਗਏ ਤਾਂ ਜੋ ਹਸਪਤਾਲ ਤੋਂ ਜਾਣ ਤੋਂ ਬਾਅਦ ਵੀ ਉਸ ਦਾ ਖਰਚਾ ਚੁੱਕਿਆ ਜਾ ਸਕੇ। 
ਇਸ ਤਰ੍ਹਾਂ ਦਾ ਇਕ ਮਾਮਲਾ ਹਾਲ ਹੀ ਵਿਚ ਮੈਨੀਟੋਬਾ ਵਿਚ ਵੀ ਸਾਹਮਣੇ ਆਇਆ ਸੀ, ਜਿੱਥੇ ਇਸ ਇਨਫੈਕਸ਼ਨ ਕਰਕੇ 28 ਸਾਲਾ ਔਰਤ ਦੀਆਂ ਦੋਵੇਂ ਲੱਤਾਂ ਅਤੇ ਇਕ ਬਾਂਹ ਕੱਟਣੀ ਪਈ ਸੀ।

Kulvinder Mahi

News Editor

Related News