ਨਵੀਂ ਆਫ਼ਤ! ਚਮਗਿੱਦੜਾਂ 'ਚ ਮਿਲਿਆ ਕੋਵਿਡ ਵਰਗਾ ਨਵਾਂ ਵਾਇਰਸ, ਮੌਜੂਦਾ ਵੈਕਸੀਨ ਕਾਰਗਰ ਨਹੀਂ
Monday, Sep 26, 2022 - 05:04 PM (IST)
ਵਾਸ਼ਿੰਗਟਨ (ਭਾਸ਼ਾ)- ਰੂਸ ਵਿੱਚ ਚਮਗਿੱਦੜਾਂ ਵਿੱਚ ਪਾਇਆ ਗਿਆ ਐੱਸ-CoV-2 ਵਰਗਾ ਇੱਕ ਨਵਾਂ ਵਾਇਰਸ ਮਨੁੱਖਾਂ ਨੂੰ ਸੰਕਰਮਿਤ ਕਰਨ ਵਿੱਚ ਸਮਰੱਥ ਹੈ ਅਤੇ ਕੋਵਿਡ-19 ਵਿਰੁੱਧ ਲਗਾਏ ਜਾ ਰਹੇ ਟੀਕਿਆਂ ਦਾ ਉਨ੍ਹਾਂ ’ਤੇ ਕੋਈ ਅਸਰ ਨਹੀਂ ਹੁੰਦਾ। ਇੱਕ ਅਧਿਐਨ ਵਿੱਚ ਇਹ ਗੱਲ ਸਾਹਮਣੇ ਆਈ ਹੈ। ਵਾਸ਼ਿੰਗਟਨ ਸਟੇਟ ਯੂਨੀਵਰਸਿਟੀ (ਡਬਲਯੂਐਸਯੂ) ਦੇ ਖੋਜਕਰਤਾਵਾਂ ਦੀ ਇੱਕ ਟੀਮ ਨੇ ਪਾਇਆ ਕਿ ਚਮਗਿੱਦੜਾਂ ਵਿੱਚ ਪਾਏ ਗਏ ਵਾਇਰਸ, ਖੋਸਤਾ-2 ਵਿੱਚ ਸਪਾਈਕ ਪ੍ਰੋਟੀਨ ਮਿਲੇ ਹਨ ਜੋ ਮਨੁੱਖੀ ਸੈੱਲਾਂ ਨੂੰ ਸੰਕਰਮਿਤ ਕਰ ਸਕਦੇ ਹਨ ਅਤੇ SARS-CoV-2 ਦਾ ਟੀਕਾ ਲਗਵਾ ਚੁੱਕੇ ਲੋਕਾਂ ਤੋਂ ਬਲੱਡ ਸੀਰਮ ਲੈਣ ਦੀ ਵਿਧੀ ਅਤੇ ਐਂਟੀਬਾਡੀ ਥੈਰੇਪੀ ਦੋਵਾਂ ਲਈ ਰੋਧਕ ਹਨ। ਕੋਈ ਵੀ ਵਾਇਰਸ ਮਨੁੱਖੀ ਸੈੱਲਾਂ ਵਿੱਚ ਦਾਖ਼ਲ ਹੋਣ ਅਤੇ ਸੰਕਰਮਿਤ ਕਰਨ ਲਈ ਸਪਾਈਕ ਪ੍ਰੋਟੀਨ ਦੀ ਵਰਤੋਂ ਕਰਦਾ ਹੈ।
ਇਹ ਵੀ ਪੜ੍ਹੋ: ਲੈਂਡਿੰਗ ਦੌਰਾਨ ਰਨਵੇ ਤੋਂ ਫਿਸਲ ਕੇ ਝੀਲ 'ਚ ਵੜਿਆ ਕਾਰਗੋ ਜਹਾਜ਼, ਵੇਖੋ ਤਸਵੀਰਾਂ
ਖੋਸਤਾ-2 ਅਤੇ SARS-CoV-2 ਦੋਵੇਂ ਹੀ ਕੋਰੋਨਾਵਾਇਰਸ ਦੀ ਇੱਕੋ ਉਪ-ਸ਼੍ਰੇਣੀ ਸਰਬੇਕੋਵਾਇਰਸ ਵਿਚ ਆਉਂਦੇ ਹਨ। ਅਧਿਐਨ ਦੇ ਲੇਖਕ ਮਾਈਕਲ ਲੇਤਕੋ ਨੇ ਕਿਹਾ, "ਸਾਡੀ ਖੋਜ ਇਹ ਵੀ ਦਰਸਾਉਂਦੀ ਹੈ ਕਿ ਏਸ਼ੀਆ ਤੋਂ ਬਾਹਰ ਜੰਗਲੀ ਜੀਵਣ ਵਿੱਚ ਪਾਏ ਜਾਣ ਵਾਲੇ ਸਰਬੇਕੋਵਾਇਰਸ ਵੀ ਵਿਸ਼ਵ ਸਿਹਤ ਅਤੇ SARS-CoV-2 ਵਿਰੁੱਧ ਚੱਲ ਰਹੀ ਟੀਕਾਕਰਨ ਮੁਹਿੰਮ ਲਈ ਖ਼ਤਰਾ ਪੈਦਾ ਕਰਨ ਵਾਲੇ ਹਨ। ਅਜਿਹੀ ਸਥਿਤੀ ਪੱਛਮੀ ਰੂਸ ਵਰਗੀਆਂ ਥਾਵਾਂ 'ਤੇ ਵੀ ਦੇਖੀ ਗਈ ਹੈ, ਜਿੱਥੇ ਖੋਸਤਾ-2 ਪਾਇਆ ਗਿਆ ਹੈ।'
ਇਹ ਵੀ ਪੜ੍ਹੋ: ਭਾਰਤੀ ਮੂਲ ਦੀ ਗ੍ਰਹਿ ਮੰਤਰੀ ਸੁਏਲਾ ਬ੍ਰੇਵਰਮੈਨ ਨੂੰ ਮਿਲਿਆ ਕਵੀਨ ਐਲਿਜ਼ਾਬੈਥ ਐਵਾਰਡ
PLOS ਪੈਥਜਨ ਜਰਨਲ ਵਿੱਚ ਪ੍ਰਕਾਸ਼ਿਤ ਅਧਿਐਨ, SARS-CoV-2 ਦੇ ਜਾਣੇ-ਪਛਾਣੇ ਰੂਪਾਂ ਦੀ ਬਜਾਏ, ਆਮ ਤੌਰ 'ਤੇ ਸਰਬੇਕੋਵਾਇਰਸ ਵਿਰੁੱਧ ਸੁਰੱਖਿਆ ਪ੍ਰਦਾਨ ਕਰਨ ਵਾਲੇ ਵਿਸ਼ਵਵਿਆਪੀ ਟੀਕੇ ਵਿਕਸਤ ਕਰਨ ਦੀ ਜ਼ਰੂਰਤ 'ਤੇ ਜ਼ੋਰ ਦਿੰਦਾ ਹੈ। ਲੇਤਕੋ ਨੇ ਕਿਹਾ, "ਇਸ ਸਮੇਂ, ਕੁਝ ਸਮੂਹ ਅਜਿਹਾ ਟੀਕਾ ਵਿਕਸਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਜੋ ਨਾ ਸਿਰਫ਼ S-2 ਦੇ ਨਵੇਂ ਵੇਰੀਐਂਟ ਤੋਂ ਸੁਰੱਖਿਆ ਪ੍ਰਦਾਨ ਕਰੇ, ਸਗੋਂ ਸਾਨੂੰ ਆਮ ਤੌਰ 'ਤੇ ਸਰਬੇਕੋਵਾਇਰਸ ਵਿਰੁੱਧ ਅਸਲ ਵਿੱਚ ਸੁਰੱਖਿਆ ਦੇਵੇ।' ਉਨ੍ਹਾਂ ਕਿਹਾ, "ਬਦਕਿਸਮਤੀ ਨਾਲ, ਸਾਡੀਆਂ ਬਹੁਤ ਸਾਰੀਆਂ ਮੌਜੂਦਾ ਵੈਕਸੀਨਾਂ ਉਨ੍ਹਾਂ ਖਾਸ ਵਾਇਰਸਾਂ ਲਈ ਤਿਆਰ ਕੀਤੀਆਂ ਗਈਆਂ ਹਨ, ਜਿਨ੍ਹਾਂ ਅਸੀਂ ਜਾਣਦੇ ਹਾਂ ਕਿ ਉਹ ਮਨੁੱਖੀ ਸੈੱਲਾਂ ਨੂੰ ਸੰਕਰਮਿਤ ਕਰਦੇ ਹਨ ਜਾਂ ਜਿਨ੍ਹਾਂ ਨਾਲ ਸਾਨੂੰ ਸੰਕਰਮਿਤ ਹੋਣ ਦਾ ਸਭ ਤੋਂ ਵੱਧ ਖ਼ਤਰਾ ਹੁੰਦਾ ਹੈ।"
ਇਹ ਵੀ ਪੜ੍ਹੋ: ਜਵਾਲਾਮੁਖੀ ਉਪਰ ਨੰਗੇ ਪੈਰ ਤੁਰੇ ਐਡਵੈਂਚਰ ਲਵਰਜ਼, 856 ਫੁੱਟ ਉੱਪਰ ਰੱਸੀ ’ਤੇ ਕੀਤਾ ਸਟੰਟ (ਵੀਡੀਓ)
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।