ਕੈਨੇਡਾ : ਨਿਊ ਬਰਨਜ਼ਵਿਕ ਦਾ ਇਹ ਖੇਤਰ ਬਣਿਆ ਕੋਰੋਨਾ ਦਾ ''ਸੁਪਰਸਪਰੈਡਰ''
Wednesday, Dec 02, 2020 - 01:54 PM (IST)
ਹੈਲੀਫੈਕਸ- ਕੈਨੇਡਾ ਦੇ ਨਿਊ ਬਰਨਜ਼ਵਿਕ ਜਨਤਕ ਸਿਹਤ ਵਿਭਾਗ ਨੇ ਦੱਸਿਆ ਕਿ ਮੰਗਲਵਾਰ ਨੂੰ ਇੱਥੇ ਕੋਰੋਨਾ ਦੇ 7 ਹੋਰ ਮਾਮਲੇ ਸਾਹਮਣੇ ਆਏ ਹਨ ਅਤੇ ਇਸ ਕਾਰਨ ਸੂਬੇ ਵਿਚ ਕੋਰੋਨਾ ਦੇ ਸਰਗਰਮ ਮਰੀਜ਼ਾਂ ਦੀ ਗਿਣਤੀ 116 ਹੋ ਗਈ ਹੈ।
ਉਨ੍ਹਾਂ ਦੱਸਿਆ ਕਿ ਨਵੇਂ ਮਾਮਲੇ 'ਸੁਪਰਸਪਰੈਡਰ' ਨਾਲ ਜੁੜੇ ਹਨ ਭਾਵ ਇਹ ਲੋਕ ਇਕੱਠੇ ਇਕੋ ਥਾਂ ਤੋਂ ਕੋਰੋਨਾ ਦੇ ਸ਼ਿਕਾਰ ਹੋਏ ਹਨ। ਨਵੇਂ ਮਾਮਲਿਆਂ ਵਿਚੋਂ 4 ਜ਼ੋਨ 2 ਅਤੇ 3 ਜ਼ੋਨ 3 ਨਾਲ ਸਬੰਧਤ ਹਨ। ਸੂਬੇ ਵਿਚ ਹੁਣ ਤੱਕ 508 ਲੋਕ ਕੋਰੋਨਾ ਦੇ ਸ਼ਿਕਾਰ ਹੋ ਚੁੱਕੇ ਹਨ, ਜਿਨ੍ਹਾਂ ਵਿਚੋਂ 385 ਲੋਕ ਸਿਹਤਯਾਬ ਹੋ ਚੁੱਕੇ ਹਨ। ਸੂਬੇ ਵਿਚ ਕੋਰੋਨਾ ਕਾਰਨ 7 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਸੂਬੇ ਨੂੰ ਕਾਫੀ ਸੁਰੱਖਿਅਤ ਮੰਨਿਆ ਜਾ ਰਿਹਾ ਸੀ ਪਰ ਕੋਰੋਨਾ ਇੱਥੇ ਵੀ ਪੈਰ ਪਸਾਰਦਾ ਹੋਇਆ ਅੱਗੇ ਵੱਧ ਰਿਹਾ ਹੈ।
ਲਗਭਗ 1,26,678 ਲੋਕਾਂ ਦਾ ਕੋਰੋਨਾ ਟੈਸਟ ਹੋ ਚੁੱਕਾ ਹੈ। ਮੰਗਲਵਾਰ ਨੂੰ ਡਾਕਟਰ ਜੈਨੀਫਰ ਰੁਸੇਲ ਨੇ ਦੱਸਿਆ ਕਿ ਸੈਂਟ ਜੋਹਨ ਖੇਤਰ ਵਿਚ ਕੋਰੋਨਾ ਦੇ 60 ਮਾਮਲੇ ਹੋਰ ਸਾਹਮਣੇ ਆ ਸਕਦੇ ਹਨ ਤੇ ਇਨ੍ਹਾਂ ਲੋਕਾਂ ਦੇ ਟੈਸਟ ਕੀਤੇ ਜਾਣੇ ਹਨ। ਇਸ ਸਮੇਂ ਸਰਗਰਮ ਕੋਰੋਨਾ ਮਾਮਲਿਆਂ ਵਿਚੋਂ 80 ਫੀਸਦੀ ਇਸ ਖੇਤਰ ਦੇ ਮਰੀਜ਼ ਹੀ ਹਨ। ਦੱਸਿਆ ਜਾ ਰਿਹਾ ਹੈ ਕਿ ਇੱਥੇ ਇਕ ਸਮਾਗਮ ਵਿਚ 34 ਲੋਕਾਂ ਨੇ ਹਿੱਸਾ ਲਿਆ ਸੀ ਤੇ ਇਹ ਲੋਕ ਹੋਰ 26 ਲੋਕਾਂ ਨੂੰ ਮਿਲੇ ਸਨ। ਇਸ ਲਈ ਇਨ੍ਹਾਂ ਸਭ ਨੂੰ ਆਪਣੇ ਲੱਛਣਾਂ ਦੀ ਨਿਗਰਾਨੀ ਕਰਨ ਲਈ ਕਿਹਾ ਗਿਆ ਹੈ।