ਨੀਦਰਲੈਂਡ ਨੇ ਜਾਸੂਸੀ ਦੇ ਦੋਸ਼ ’ਚ ਰੂਸੀ ਡਿਪਲੋਮੈਟਾਂ ਨੂੰ ਬਾਹਰ ਕੱਢਣ ਦਾ ਕੀਤਾ ਐਲਾਨ
Monday, Feb 20, 2023 - 01:31 AM (IST)
ਹੇਗ (ਯੂ. ਐੱਨ. ਆਈ.) : ਨੀਦਰਲੈਂਡ ਸਰਕਾਰ ਨੇ ਸ਼ਨੀਵਾਰ ਨੂੰ ਜਾਸੂਸੀ ਦੇ ਦੋਸ਼ ’ਚ ਰੂਸ ਦੇ ਕਈ ਡਿਪਲੋਮੈਟਾਂ ਨੂੰ ਬਾਹਰ ਕੱਢਣ ਦਾ ਐਲਾਨ ਕੀਤਾ। ਵਿਦੇਸ਼ ਮੰਤਰੀ ਵੋਪਕੇ ਹੋਕੇਸਟਰਾ ਨੇ ਕਿਹਾ ਕਿ ਮਾਸਕੋ ’ਚ ਡੱਚ ਦੂਤ ਘਰ ’ਚ ਕੰਮ ਕਰਨ ਵਾਲੇ ਡਿਪਲੋਮੈਟਾਂ ਦੀ ਗਿਣਤੀ ਦੇ ਮੁਕਾਬਲੇ ਨੀਦਰਲੈਂਡ ਹੇਗ ’ਚ ਰੂਸ ਦੇ ਦੂਤ ਘਰ ’ਚ ਵੱਧ ਡਿਪਲੋਮੈਟਾਂ ਨੂੰ ਕੰਮ ਕਰਨ ਦੀ ਆਗਿਆ ਨਹੀਂ ਦੇਵੇਗਾ। ਉਨ੍ਹਾਂ ਕਿਹਾ ਕਿ ਰੂਸੀ ਦੂਤ ਘਰ ਦੇ ਲਗਭਗ 10 ਕਰਮਚਾਰੀਆਂ ਨੂੰ ਨੀਦਰਲੈਂਡ ਛੱਡਣਾ ਹੋਵੇਗਾ। ਐਂਸਟਡਰਮ ’ਚ ਰੂਸੀ ਕਾਂਸਲੇਟ ਦਫ਼ਤਰ 21 ਫਰਵਰੀ ਤੋਂ ਬੰਦ ਹੋ ਜਾਵੇਗਾ। ਇਸ ਤੋਂ ਇਲਾਵਾ ਸੇਂਟ ਪੀਟਰਸਬਰਗ ’ਚ ਡੱਚ ਵਣਜ ਦੂਤ ਘਰ 20 ਫਰਵਰੀ ਤੋਂ ਬੰਦ ਹੋ ਜਾਵੇਗਾ।
ਇਹ ਵੀ ਪੜ੍ਹੋ : ਅਮਰੀਕਾ ’ਚ ਗੋਲ਼ੀਬਾਰੀ : ਤਿੰਨ ਕੁੜੀਆਂ ਤੇ ਇਕ ਬਿਸ਼ਪ ਦੀ ਮੌਤ, ਹਮਲਾਵਰ ਨੇ ਖੁਦ ਨੂੰ ਵੀ ਮਾਰੀ ਗੋਲ਼ੀ
ਹੋਕੇਸਟਰਾ ਨੇ ਕਿਹਾ ਕਿ ਮਾਸਕੋ ’ਚ ਡੱਚ ਦੂਤ ਘਰ ਖੁੱਲ੍ਹਾ ਰਹੇਗਾ। ਰੂਸ ਦੀ ਆਰ. ਆਈ. ਏ. ਨੋਵੋਸਤੀ ਨਿਊਜ਼ ਏਜੰਸੀ ਨੇ ਦੱਸਿਆ ਕਿ ਡੱਚ ਸਰਕਾਰ ਦੇ ਇਸ ਫ਼ੈਸਲੇ ਤੋਂ ਬਾਅਦ ਰੂਸ ਦੇ ਵਿਦੇਸ਼ ਮੰਤਰਾਲਾ ਨੇ ਕਿਹਾ ਕਿ ਉਹ ਨੀਦਰਲੈਂਡ ਵੱਲੋਂ ਆਪਣੇ ਡਿਪਲੋਮੈਟਾਂ ਦੀ ਗਿਣਤੀ ਨੂੰ ਸੀਮਤ ਕਰਨ ਦੇ ਫ਼ੈਸਲੇ ਦਾ ਜਵਾਬ ਦੇਵੇਗਾ। ਨੀਦਰਲੈਂਡ ਨੇ ਮਾਰਚ 2022 ’ਚ ਕਥਿਤ ਜਾਸੂਸੀ ਲਈ 17 ਰੂਸੀ ਡਿਪਲੋਮੈਟਾਂ ਨੂੰ ਬਾਹਰ ਕੱਢਿਆ ਸੀ। ਇਸ ਦੇ ਜਵਾਬ ’ਚ ਰੂਸ ਨੇ ਉਦੋਂ 15 ਡੱਚ ਡਿਪਲੋਮੈਟਾਂ ਨੂੰ ਬਾਹਰ ਕੱਢ ਦਿੱਤਾ ਸੀ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।