ਨੇਪਾਲ ''ਚ ਸਿਆਸੀ ਭੂਚਾਲ ਵਿਚਕਾਰ ਪਤਨੀ ਦੇ ਇਲਾਜ ਲਈ ਪ੍ਰਚੰਡ ਆਉਣਗੇ ਮੁੰਬਈ

01/04/2021 2:33:57 PM

ਕਾਠਮੰਡੂ- ਨੇਪਾਲ ਵਿਚ ਚੱਲ ਰਹੇ ਸਿਆਸੀ ਭੂਚਾਲ ਵਿਚਕਾਰ ਸਾਬਕਾ ਪ੍ਰਧਾਨ ਮੰਤਰੀ ਅਤੇ ਨੇਪਾਲ ਕਮਿਊਨਿਸਟ ਪਾਰਟੀ ਦੇ ਦੂਜੇ ਧੜੇ ਦੇ ਪ੍ਰਧਾਨ ਕਮਲ ਦਹਿਲ ਪ੍ਰਚੰਡ ਕੱਲ ਮੁੰਬਈ ਜਾਣਗੇ। ਨੇਪਾਲ ਸਥਿਤ ਦੂਤਘਰ ਦੇ ਸੂਤਰਾਂ ਨੇ ਦੱਸਿਆ ਕਿ ਉਹ ਆਪਣੀ ਬੀਮਾਰ ਪਤਨੀ ਸੀਤਾ ਦਹਿਲ ਦੇ ਇਲਾਜ ਲਈ ਭਾਰਤ ਆਉਣਗੇ। ਪ੍ਰਚੰਡ ਦਾ ਇਹ ਦੌਰਾ ਅਜਿਹੇ ਸਮੇਂ ਹੋ ਰਿਹਾ ਹੈ ਜਦੋਂ ਨੇਪਾਲ ਵਿਚ ਸਿਆਸੀ ਕਲੇਸ਼ ਸਿਖਰ 'ਤੇ ਹੈ। ਨੇਪਾਲ ਕਮਿਊਨਿਸਟ ਪਾਰਟੀ ਦੋ ਧੜਿਆ ਵਿਚ ਵੰਡੀ ਗਈ ਹੈ। ਇਕ ਧੜੇ ਦੀ ਅਗਵਾਈ ਪ੍ਰਧਾਨ ਮੰਤਰੀ ਕੇ. ਪੀ. ਓਲੀ ਸ਼ਰਮਾ ਕਰ ਰਹੇ ਹਨ ਅਤੇ ਦੂਜੇ ਦੀ ਅਗਵਾਈ ਪੁਸ਼ਪ ਕਮਲ ਪ੍ਰਚੰਡ ਦੇ ਹੱਥਾਂ ਵਿਚ ਹੈ। 

ਪ੍ਰਚੰਡ ਨੇ ਓਲੀ ਖ਼ਿਲਾਫ਼ ਦੂਜੇ ਦੌਰ ਦੇ ਪ੍ਰਦਰਸ਼ਨ ਨੂੰ ਹਰੀ ਝੰਡੀ ਵੀ ਦਿਖਾਈ ਹੈ। ਕਮਿਊਨਿਸਟ ਪਾਰਟੀ ਦੇ ਪ੍ਰਚੰਡ ਧੜੇ ਨੇ ਐਲਾਨ ਕੀਤਾ ਹੈ ਕਿ ਉਹ ਆਪਣੇ ਅੰਦੋਲਨ ਦੇ ਦੂਜੇ ਦੌਰ ਨੂੰ ਜਾਰੀ ਰੱਖੇਗਾ। ਨੇਪਾਲ ਕਮਿਊਨਿਸਟ ਪਾਰਟੀ ਦੇ ਨੇਤਾ ਹਿਮਲ ਸ਼ਰਮਾ ਨੇ ਕਿਹਾ ਹੈ ਕਿ ਅੰਦੋਲਨ ਦੀ ਪੂਰੀ ਰਣਨੀਤੀ ਬਣਾ ਲਈ ਗਈ ਹੈ। ਉੱਥੇ ਹੀ, ਕਾਠਮੰਡੂ ਵਿਚ ਸ਼ੁੱਕਰਵਾਰ ਨੂੰ ਪ੍ਰਦਰਸ਼ਨਾਂ ਵਿਚ ਸ਼ਾਮਲ ਨੇਤਾਵਾਂ ਨੇ ਸੰਸਦ ਭੰਗ ਕਰਨ ਦੇ ਓਲੀ ਦੇ ਫੈਸਲੇ ਦੀ ਨਿੰਦਾ ਕੀਤੀ ਹੈ। 

ਦੱਸ ਦਈਏ ਕਿ ਬੀਤੇ ਦਿਨੀਂ ਚੀਨ ਨੇ ਕਮਿਊਨਿਸਟ ਪਾਰਟੀ ਦੇ ਨੇਤਾਵਾਂ ਦਾ ਇਕ ਉੱਚ ਪੱਧਰੀ ਵਫਦ ਭੇਜਿਆ ਸੀ ਪਰ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਉਹ ਦੋਵੇਂ ਧੜਿਆਂ ਵਿਚ ਸੁਲ੍ਹਾ ਨਾ ਕਰਾ ਸਕੇ। ਇਸੇ ਲਈ ਦੋਹਾਂ ਧੜਿਆਂ ਵਿਚ ਅਜੇ ਵੀ ਖਿੱਚੋਤਾਣ ਬਣੀ ਹੈ। ਜ਼ਿਕਰਯੋਗ ਹੈ ਕਿ ਨੇਪਾਲ ਵਿਚ ਪ੍ਰਧਾਨ ਮੰਤਰੀ ਕੇ. ਪੀ. ਸ਼ਰਮਾ ਦੇ ਮੰਤਰੀ ਮੰਡਲ ਦੀ ਸਿਫਾਰਸ਼ 'ਤੇ ਰਾਸ਼ਟਰਪਤੀ ਵਿਦਿਆ ਦੇਵੀ ਭੰਡਾਰੀ ਨੇ ਹੇਠਲੇ ਸਦਨ ਨੂੰ ਭੰਗ ਕਰਨ ਦੀ ਘੋਸ਼ਣਾ ਕੀਤੀ ਸੀ। ਸੁਪਰੀਮ ਕੋਰਟ ਵਿਚ ਇਸ ਫੈਸਲੇ ਨੂੰ ਚੁਣੌਤੀ ਦਿੰਦੇ ਹੋਏ ਇਕ ਦਰਜਨ ਤੋਂ ਵੱਧ ਅਪੀਲਾਂ ਦਰਜ ਕੀਤੀਆਂ ਗਈਆਂ ਹਨ। ਉੱਥੇ ਹੀ, ਨੇਪਾਲ ਕਮਿਊਨਿਸਟ ਪਾਰਟੀ ਦੇ ਦੋ ਧੜਿਆਂ ਵਿਚ ਵੰਡਣਾ ਚੀਨ ਨੂੰ ਰਾਸ ਨਹੀਂ ਆਇਆ। 


Lalita Mam

Content Editor

Related News