ਨੇਪਾਲ ''ਚ ਵਾਪਰਿਆ ਸੜਕ ਹਾਦਸਾ, ਭਾਰਤ ਤੋਂ ਪਰਤੇ 12 ਪ੍ਰਵਾਸੀ ਮਜ਼ਦੂਰਾਂ ਦੀ ਮੌਤ

Monday, Jun 01, 2020 - 06:08 PM (IST)

ਕਾਠਮੰਡੂ (ਭਾਸ਼ਾ): ਨੇਪਾਲ ਵਿਚ ਐਤਵਾਰ ਰਾਤ ਪ੍ਰਵਾਸੀ ਮਜ਼ਦੂਰਾਂ ਦੇ ਨਾਲ ਇਕ ਭਿਆਨਕ ਹਾਦਸਾ ਵਾਪਰਿਆ। ਜਾਣਕਾਰੀ ਮੁਤਾਬਕ ਭਾਰਤ ਤੋਂ ਪ੍ਰਵਾਸੀ ਕਾਮਿਆਂ ਨੂੰ ਲੈ ਕੇ ਪਰਤ ਰਹੀ ਇਕ ਬੱਸ ਦੇ ਦੱਖਣੀ ਨੇਪਾਲ ਦੇ ਇਕ ਇਲਾਕੇ ਵਿਚ ਖੜ੍ਹੇ ਟਰੱਕ ਨਾਲ ਟਕਰਾ ਜਾਣ ਨਾਲ ਹਾਦਸਾ ਵਾਪਰਿਆ। ਇਸ ਹਾਦਸੇ ਵਿਚ 12 ਲੋਕਾਂ ਦੀ ਮੌਤ ਹੋ ਗਈ ਅਤੇ 22 ਹੋਰ ਜ਼ਖਮੀ ਹੋ ਗਏ। 'ਮਾਯਰੀਪਬਲਿਕਾ' ਅਖਬਾਰ ਨੇ ਜ਼ਿਲ੍ਹਾ ਪੁਲਸ ਅਧਿਕਾਰੀ ਦੇ ਹਵਾਲੇ ਨਾਲ ਦੱਸਿਆ ਕਿ ਇਹ ਹਾਦਸਾ ਐਤਵਾਰ ਰਾਤ ਨੂੰ ਬੰਕੇ ਜ਼ਿਲ੍ਹੇ ਵਿਚ ਵਾਪਰਿਆ ਜਦੋਂ ਬੱਸ ਸੜਕ ਕਿਨਾਰੇ ਖੜ੍ਹੇ ਕੀਤੇ ਗਏ ਇਕ ਟਰੱਕ ਨਾਲ ਟਕਰਾ ਗਈ। ਇਹ ਬੱਸ ਭਾਰਤ ਤੋਂ ਪਰਤੇ ਕਰੀਬ 30 ਪ੍ਰਵਾਸੀ ਮਜ਼ਦੂਰਾਂ ਨੂੰ ਨੇਪਾਲਗੰਜ ਦੇ ਰਸਤੇ ਉਹਨਾਂ ਦੇ ਗ੍ਰਹਿ ਜ਼ਿਲ੍ਹੇ ਸਲਯਾਨ ਲਿਜਾ ਰਹੀ ਸੀ। ਅਖਬਾਰ ਨੇ ਦੱਸਿਆ ਕਿ ਸੜਕ 'ਤੇ ਪਾਰਕ ਕੀਤੇ ਗਏ ਟਰੱਕ ਨਾਲ ਬੱਸ ਦੇ ਟਕਰਾ ਜਾਣ ਨਾਲ ਬੱਸ ਦੇ ਡਰਾਈਵਰ ਸਮੇਤ 11 ਯਾਤਰੀਆਂ ਦੀ ਮੌਤ ਹੋ ਗਈ ਅਤੇ 22 ਹੋਰ ਜ਼ਖਮੀ ਹੋ ਗਏ।

'ਹਿਮਾਲਯਨ ਟਾਈਮਜ਼' ਦੀ ਖਬਰ ਵਿਚ ਕਿਹਾ ਗਿਆ ਹੈ ਕਿ ਨੇਪਾਲ ਪੁਲਸ, ਹਥਿਆਰਬੰਦ ਪੁਲਸ ਬਲ, ਟ੍ਰੈਫਿਕ ਪੁਲਸ ਬਲ ਅਤੇ ਬੰਕੇ ਸਲਯਾਨੀ ਸਮਾਜ ਦੀ ਟੀਮ ਨੇ ਜ਼ਖਮੀਆਂ ਨੂੰ ਬਾਹਰ ਕੱਢਿਆ ਅਤੇ ਦੇਰ ਰਾਤ 2 ਵਜੇ ਉਹਨਾਂ ਨੂੰ ਨੇਪਾਲਗੰਜ ਸਥਿਤ ਭੇਰੀ ਹਸਪਤਾਲ ਲੈ ਕੇ ਆਏ। ਖਬਰ ਵਿਚ ਭੇਰੀ ਹਸਪਤਾਲ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਜ਼ਖਮੀਆਂ ਵਿਚੋਂ 4 ਦੀ ਸਥਿਤੀ ਨਾਜ਼ੁਕ ਬਣੀ ਹੋਈ ਹੈ। ਸੈਂਕੜੇ ਨੇਪਾਲੀ ਜਿਹਨਾਂ ਵਿਚ ਜ਼ਿਆਦਾਤਰ ਮਜ਼ਦੂਰ ਹਨ ਉਹ ਕੋਵਿਡ-19 ਕਾਰਨ ਲਾਗੂ ਤਾਲਾਬੰਦੀ ਕਾਰਨ ਭਾਰਤ ਦੇ ਨਾਲ ਲੱਗਣ ਵਾਲੀ ਨੇਪਾਲ ਦੀ ਸੀਮਾ 'ਤੇ ਫਸੇ ਹੋਏ ਹਨ। ਜ਼ਿਆਦਾਤਕ ਕਾਮੇ ਪੱਛਮੀ ਨੇਪਾਲ ਦੇ ਹਨ ਜੋ ਭਾਰਤ ਦੇ ਵਿੰਭਿਨ ਹਿੱਸਿਆਂ ਵਿਚ ਨੌਕਰੀ ਕਰ ਹਹੇ ਸਨ ਅਤੇ ਘਰ ਪਰਤਣ ਦੀ ਕੋਸ਼ਿਸ਼ ਕਰ ਰਹੇ ਸਨ। ਭਾਰਤ ਸਰਕਾਰ ਵੱਲੋਂ ਰਾਸ਼ਟਰ ਪੱਧਰੀ ਤਾਲਾਬੰਦੀ ਲਗਾਉਣ ਦੇ ਬਾਅਦ ਤੋਂ ਉਹ ਸੀਮਾ 'ਤੇ ਫਸੇ ਹੋਏ ਸਨ।

ਪੜ੍ਹੋ ਇਹ ਅਹਿਮ ਖਬਰ- ਅਮਰੀਕਾ ਨੇ ਦਿੱਤੇ WHO ਨਾਲ ਜੁੜਨ ਦੇ ਸੰਕੇਤ, ਰੱਖੀ ਇਹ ਅਹਿਮ ਸ਼ਰਤ


Vandana

Content Editor

Related News