ਨਵਾਜ਼ ਸ਼ਰੀਫ ਨੇ ਕਿਹਾ-ਪਾਕਿਸਤਾਨ ’ਚ ਅਗਲੇ ਸਾਲ ਹੋਣਗੀਆਂ ਆਮ ਚੋਣਾਂ

Thursday, Aug 17, 2023 - 02:19 PM (IST)

ਨਵਾਜ਼ ਸ਼ਰੀਫ ਨੇ ਕਿਹਾ-ਪਾਕਿਸਤਾਨ ’ਚ ਅਗਲੇ ਸਾਲ ਹੋਣਗੀਆਂ ਆਮ ਚੋਣਾਂ

ਇਸਲਾਮਾਬਾਦ (ਏ. ਐੱਨ. ਆਈ.)- ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਅਤੇ ਪਾਕਿਸਤਾਨ ਮੁਸਲਿਮ ਲੀਗ (ਐੱਨ.) ਦੇ ਮੁਖੀ ਨਵਾਜ਼ ਸ਼ਰੀਫ ਨੇ ਵਿਸ਼ਵਾਸ ਜ਼ਾਹਿਰ ਕਰਦਿਆਂ ਕਿਹਾ ਕਿ ਦੇਸ਼ ਦੀਆਂ ਆਮ ਚੋਣਾਂ ਅਗਲੇ ਸਾਲ ਫਰਵਰੀ ਵਿੱਚ ਹੋਣਗੀਆਂ। ਨਵਾਜ਼ ਸ਼ਰੀਫ ਨੇ ਕਿਹਾ ਕਿ ਉਹ ਇਹ ਉਮੀਦ ਕਰਦੇ ਹਨ ਕਿ ਚੋਣ ਹਲਕਿਆਂ ’ਚ ਮਰਦਮਸ਼ੁਮਾਰੀ ਦਾ ਕੰਮ ਦਸੰਬਰ ਤੱਕ ਮੁਕੰਮਲ ਹੋ ਜਾਵੇਗਾ। ਪਾਕਿਸਤਾਨ ਮੁਸਲਿਮ ਲੀਗ (ਐੱਨ.) ਦੇ ਨੇਤਾ ਰਾਣਾ ਸਨਾਉਲਾਹ ਨੇ ਨਵਾਜ਼ ਸ਼ਰੀਫ ਦੇ ਹਵਾਲੇ ਨਾਲ ਇਹ ਗੱਲਾਂ ਕਹੀਆਂ।

ਸਾਬਕਾ ਗ੍ਰਹਿ ਮੰਤਰੀ ਨੇ ਨਵਾਜ਼ ਦੀ ਵਾਪਸੀ ਬਾਰੇ ਪੁੱਛੇ ਇੱਕ ਸਵਾਲ ਦੇ ਜਵਾਬ ’ਚ ਕਿਹਾ ਕਿ ਉਹ ਸਤੰਬਰ ਜਾਂ ਅਕਤੂਬਰ ਵਿਚ ਪਾਕਿਸਤਾਨ ਵਾਪਸ ਆ ਸਕਦੇ ਹਨ। ਦੱਸ ਦੇਈਏ ਕਿ ਨਵਾਜ਼ ਸ਼ਰੀਫ, ਜੋ ਕਿ 3 ਵਾਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਰਹੇ ਹਨ, ਨਵੰਬਰ 2019 ਵਿੱਚ ਇਲਾਜ ਲਈ ਲੰਡਨ ਚਲੇ ਗਏ ਸਨ ਅਤੇ ਉਸ ਤੋਂ ਬਾਅਦ ਵਾਪਸ ਨਹੀਂ ਆਏ। ਜਦੋਂ ਉਨ੍ਹਾਂ ਨੇ ਦੇਸ਼ ਛੱਡਿਆ, ਉਦੋਂ ਉਹ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿੱਚ 7 ​​ਸਾਲ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਸਨ ਪਰ ਹਾਲ ਹੀ ’ਚ ਸੁਪਰੀਮ ਕੋਰਟ ਨੇ ਰੀਵਿਊ ਆਫ ਜਜਮੈਂਟ ਆਰਡਰ ਨੂੰ ਗੈਰ-ਸੰਵਿਧਾਵਕ ਕਰਾਰ ਦੇ ਦਿੱਤਾ, ਜਿਸ ਕਾਰਨ ਨਵਾਜ਼ ਦੀਆਂ ਵਾਪਸੀ ਦੀਆਂ ਉਮੀਦਾਂ ’ਤੇ ਸ਼ੱਕ ਦੇ ਬੱਦਲ ਮੰਡਰਾਉਣ ਲੱਗੇ। ਅਦਾਲਤ ਉਨ੍ਹਾਂ ਨੂੰ ਜਨਤਕ ਅਹੁਦਾ ਸੰਭਾਲਣ ਤੋਂ ਅਯੋਗ ਠਹਿਰਾ ਚੁੱਕੀ ਹੈ।


author

cherry

Content Editor

Related News