ਈਦ ਤੋਂ ਬਾਅਦ ਪਾਕਿਸਤਾਨ ਪਰਤ ਸਕਦੇ ਨੇ ਨਵਾਜ਼ ਸ਼ਰੀਫ਼ : ਪਾਰਟੀ ਨੇਤਾ

04/11/2022 3:46:56 PM

ਇਸਲਾਮਾਬਾਦ (ਵਾਰਤਾ) : ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ. ਐੱਮ. ਐੱਲ.-ਐੱਨ.) ਦੇ ਨੇਤਾ ਜਾਵੇਦ ਲਤੀਫ਼ ਨੇ ਕਿਹਾ ਹੈ ਕਿ ਪਾਰਟੀ ਮੁਖੀ ਨਵਾਜ਼ ਸ਼ਰੀਫ ਈਦ ਤੋਂ ਬਾਅਦ ਵਤਨ ਪਰਤ ਸਕਦੇ ਹਨ। ਇਹ ਜਾਣਕਾਰੀ ਸੋਮਵਾਰ ਨੂੰ ‘ਐਕਸਪ੍ਰੈੱਸ ਟ੍ਰਿਬਿਊਨ’ ਦੀ ਰਿਪੋਰਟ ’ਚ ਦਿੱਤੀ ਗਈ ਹੈ। ਪੀ. ਐੱਮ. ਐੱਲ.-ਐੱਨ. ਪਾਰਟੀ ਦੇ ਨੇਤਾ ਨੇ ਕਿਹਾ ਕਿ ਨਵਾਜ਼ ਸ਼ਰੀਫ਼ ਦੀ ਵਾਪਸੀ ਦੀਆਂ ਅਟਕਲਾਂ ਨਾਲ ਜੁੜੇ ਮਾਮਲੇ ’ਤੇ ਗੱਠਜੋੜ ਦੇ ਸਹਿਯੋਗੀ ਦਲਾਂ ਨਾਲ ਗੱਲਬਾਤ ਕੀਤੀ ਜਾਵੇਗੀ ਅਤੇ ਸਾਰੇ ਫ਼ੈਸਲੇ ਸਹਿਯੋਗੀ ਦਲਾਂ ਨਾਲ ਸਲਾਹ-ਮਸ਼ਵਰੇ ਤੋਂ ਬਾਅਦ ਹੀ ਲਏ ਜਾਣਗੇ।

ਲਤੀਫ਼ ਨੇ ਹਾਲਾਂਕਿ ਇਹ ਵੀ ਕਿਹਾ ਕਿ ਪਾਕਿਸਤਾਨ ਜਿਸ ਤਰ੍ਹਾਂ ਦੀਆਂ ਮੁਸੀਬਤਾਂ ’ਚੋਂ ਗੁਜ਼ਰ ਰਿਹਾ ਹੈ, ਉਸ ਦਾ ਹੱਲ ਸਿਰਫ਼ ਨਵੇਂ ਸਿਰੇ ਤੋਂ ਹੋਣ ਵਾਲੀਆਂ ਚੋਣਾਂ ਹੀ ਹਨ। ਚੋਣ ਸੁਧਾਰ ਦਾ ਮੁੱਦਾ ਵੀ ਜ਼ਰੂਰੀ ਹੈ ਅਤੇ ਚੋਣਾਂ ਹੋਣ ਨਾਲ ਇਸ ’ਤੇ ਵੀ ਕੰਮ ਹੋਣਾ ਚਾਹੀਦਾ ਹੈ। ਚੋਣਾਂ ’ਚ ਈ. ਵੀ. ਐੱਮ. ਦੀ ਵਰਤੋਂ ਅਤੇ ਵਿਦੇਸ਼ਾਂ ’ਚ ਰਹਿ ਰਹੇ ਪਾਕਿਸਤਾਨੀਆਂ ਦੇ ਵੋਟ ਅਧਿਕਾਰ ਨਾਲ ਜੁੜੇ ਇਹ ਦੋ ਅਜਿਹੇ ਮੁੱਦੇ ਹਨ, ਜਿਨ੍ਹਾਂ ਨੂੰ ਸਭ ਤੋਂ ਪਹਿਲਾਂ ਹੱਲ ਕੀਤਾ ਜਾਣਾ ਚਾਹੀਦਾ ਹੈ। ਇਹ ਪਹਿਲੀ ਵਾਰ ਨਹੀਂ ਹੈ, ਜਦੋਂ ਸ਼ਰੀਫ਼ ਦੀ ਪਾਕਿਸਤਾਨ ਵਾਪਸੀ ਨੂੰ ਲੈ ਕੇ ਪੀ. ਐੱਮ. ਐੱਲ.-ਐੱਨ. ਨੇਤਾ ਨੇ ਕੋਈ ਗੱਲ ਕੀਤੀ ਹੈ। ਇਸ ਤੋਂ ਪਹਿਲਾਂ ਵੀ ਪਾਰਟੀ ਦੇ ਕਈ ਆਗੂ ਇਸੇ ਤਰ੍ਹਾਂ ਦੇ ਦਾਅਵੇ ਕਰ ਚੁੱਕੇ ਹਨ। ਹਾਲ ਹੀ ਵਿਚ ਬਣੀ ਗੱਠਜੋੜ ਸਰਕਾਰ ਦੇ ਛੇ ਮਹੀਨਿਆਂ ਤੋਂ ਜ਼ਿਆਦਾ ਨਾ ਚੱਲਣ ਦੇ ਪ੍ਰਗਟਾਏ ਜਾ ਰਹੇ ਖ਼ਦਸ਼ਿਆਂ ਵਿਚਾਲੇ ਲਤੀਫ਼ ਦਾ ਇਹ ਬਿਆਨ ਆਇਆ ਹੈ।


Manoj

Content Editor

Related News