ਕੁਦਰਤ ਦਾ ਚਮਤਕਾਰ, ਮਾਈਨਸ 22 ਡਿਗਰੀ ਤਾਪਮਾਨ ''ਚ ਜੰਮ ਚੁੱਕੀ ਸੀ ਔਰਤ ਫਿਰ ਵੀ ਬੱਚ ਗਈ ਜਾਨ (ਤਸਵੀਰਾਂ)
Friday, Jul 07, 2017 - 03:05 PM (IST)
ਅਮਰੀਕਾ— ਇਹ 20 ਦਸੰਬਰ, 1980 ਦੀ ਗੱਲ ਹੈ। ਅਮਰੀਕਾ ਦੇ ਮਿਨੇਸੋਟਾ ਸੂਬੇ ਦੀ ਲੇਂਗਬੀ ਨਾਮਕ ਜਗ੍ਹਾ ਉੱਤੇ ਇਕ 19 ਸਾਲ ਦੀ ਲੜਕੀ ਕਾਰ ਵਿਚ ਇੱਕਲੀ ਜਾ ਰਹੀ ਸੀ। ਅਚਾਨਕ ਉਸ ਦੀ ਕਾਰ ਸੜਕ ਵਿਚਾਲੇ ਖਰਾਬ ਹੋ ਗਈ। ਰਾਤ ਦਾ ਸਮਾਂ ਸੀ। ਤਾਪਮਾਨ ਮਾਈਨਸ 22 ਡਿਗਰੀ ਫਾਰਨਹਾਈਟ ਸੀ। ਭਾਵ ਜ਼ੀਰੋ ਤੋਂ 30 ਡਿਗਰੀ ਸੈਲਸੀਅਸ ਹੇਠਾਂ। ਅਜਿਹੀ ਕੜਾਕੇ ਦੀ ਠੰਡ ਵਿਚ ਆਸਰਾ ਲੱਭਣ ਲਈ ਉਹ ਅੱਗੇ ਵਧੀ। ਇਸ ਤੋਂ ਬਾਅਦ ਜੋ ਹੋਇਆ ਉਹ ਦਿਲਚਸਪ, ਖਤਰਨਾਕ ਅਤੇ ਚਮਤਕਾਰ ਨਾਲ ਭਰਿਆ ਸੀ।
19 ਸਾਲ ਦੀ ਉਸ ਲੜਕੀ ਦਾ ਨਾਂ ਸੀ ਜੀਨ ਹਿਲਿਆਰਡ। ਕਾਰ ਖਰਾਬ ਹੋਣ ਤੋਂ ਬਾਅਦ ਜਦੋਂ ਉਹ ਆਪਣਾ ਕੋਟ ਅਤੇ ਜੈਕੇਟ ਲੈ ਕੇ ਅੱਗੇ ਵਧੀ ਤਾਂ ਉਸ ਨੂੰ ਦੂਰ ਇਕ ਫਾਰਮਹਾਊਸ ਦਿਖਾਈ ਦਿੱਤਾ। ਜਦੋਂ ਉਹ ਉਥੇ ਪਹੁੰਚੀ, ਤਾਂ ਪਤਾ ਲੱਗਿਆ ਕਿ ਫਾਰਮਹਾਊਸ ਬੰਦ ਸੀ। ਅੱਗੇ ਇਕ ਹੋਰ ਫਾਰਮਹਾਊਸ ਸੀ, ਪਰ ਉਹ ਵੀ ਬੰਦ ਮਿਲਿਆ। ਕੁਝ ਦੂਰੀ ਉੱਤੇ ਉਸ ਨੂੰ ਇਕ ਘਰ ਵਿਚ ਰੋਸ਼ਨੀ ਦਿਖਈ ਦਿੱਤੀ। ਉਹ ਮਜ਼ਬੂਰਨ ਉਸ ਦਿਸ਼ਾ ਵੱਲ ਚਲੀ ਗਈ। ਕੜਾਕੇ ਦੀ ਠੰਡ ਵਿਚ ਉਹ ਬਾਹਰ ਨਹੀਂ ਰਹਿ ਸਕਦੀ ਸੀ। ਉਸ ਦੀ ਹਾਲਤ ਕਾਫੀ ਖਰਾਬ ਹੋ ਚੁੱਕੀ ਸੀ ਪਰ ਜੀਨ ਉਸ ਘਰ ਤੱਕ ਨਹੀਂ ਪਹੁੰਚੀ ਸਕੀ। ਉਹ ਉਸ ਤੋਂ ਕਰੀਬ 15 ਫੁੱਟ ਪਹਿਲਾਂ ਡਿੱਗ ਗਈ ਅਤੇ ਉੱਠ ਨਹੀਂ ਸਕੀ। ਸਵੇਰੇ ਕਰੀਬ 7 ਵਜੇ ਘਰ ਦੇ ਮਾਲਕ ਵੇਲੀ ਨੇਲਸਨ ਨੇ ਉਸ ਨੂੰ ਦੇਖਿਆ। ਉਸ ਦੇ ਸਰੀਰ ਵਿਚ ਜ਼ਿੰਦਾ ਹੋਣ ਦੇ ਲੱਛਣ ਦਿਖਾਈ ਨਹੀਂ ਦੇ ਰਹੇ ਸਨ। ਉਸ ਦਾ ਪੂਰਾ ਸਰੀਰ ਬਰਫ ਨਾਲ ਜੰਮਿਆ ਹੋਇਆ ਸੀ।
ਉਦੋਂ ਹੀ ਨੇਲਸਨ ਨੇ ਉਸ ਦੀ ਹਲਕੀ ਜਿਹੀ ਆਵਾਜ਼ ਸੁਣੀ। ਉਹ ਉਸ ਨੂੰ ਤੁਰੰਤ ਆਪਣੀ ਕਾਰ ਦੀ ਪਿਛਲੀ ਸੀਟ ਉੱਤ ਰੱਖ ਕੇ ਫਾਸਟਨ ਹਸਪਤਾਲ ਲੈ ਗਏ। ਡਾਕਟਰਾਂ ਨੇ ਦੇਖਿਆ ਕਿ ਜੀਨ ਦੀ ਹਾਲਤ ਬਹੁਤ ਖਰਾਬ ਸੀ। ਉਸ ਦੇ ਬਚਣ ਦੀ ਕੋਈ ਸੰਭਾਵਨਾ ਨਜ਼ਰ ਨਹੀਂ ਆ ਰਹੀ ਸੀ। ਉਸ ਦਾ ਸਰੀਰ ਇਕਦਮ ਸਖਤ ਹੋ ਚੁੱਕਿਆ ਸੀ। ਇਥੋਂ ਤੱਕ ਕਿ ਉਸ ਦੇ ਸੂਈ ਤੱਕ ਨਹੀਂ ਲੱਗ ਪਾ ਰਹੀ ਸੀ। ਉਸ ਦੀਆਂ ਅੱਖਾਂ 'ਚ ਰੋਸ਼ਨੀ ਪਾਉਣ ਉੱਤੇ ਵੀ ਕੋਈ ਹਲਚਲ ਨਹੀਂ ਹੋ ਰਹੀ ਸੀ। ਉਸ ਦੀ ਨਬਜ਼ ਬਹੁਤ ਹੋਲੀ ਸੀ, ਸਿਰਫ 12 ਵਾਰ ਪ੍ਰਤੀ ਮਿੰਟ।

ਇਸ ਤਰ੍ਹਾਂ ਕੀਤਾ ਗਿਆ ਇਲਾਜ਼
ਡਾਕਟਰਾਂ ਨੇ ਤੁਰੰਤ ਉਸ ਦੇ ਸਰੀਰ ਨੂੰ ਇਲੈਕਟ੍ਰੋਨਿਕ ਕੰਬਲ ਵਿਚ ਲਪੇਟਿਆ। ਇਹ ਵਿਸ਼ੇਸ਼ ਕੰਬਲ ਹੁੰਦਾ ਹੈ, ਜਿਸ ਦੇ ਅੰਦਰ ਗਰਮ ਪਾਣੀ ਵਹਿੰਦਾ ਰਹਿੰਦਾ ਹੈ। ਇਸ ਨਾਲ ਹੀ ਉਸ ਨੂੰ ਆਕਸੀਜਨ ਦਿੱਤੀ ਗਈ। ਇਸ ਦੇ ਬਾਵਜੂਦ ਡਾਕਟਰਾਂ ਨੂੰ ਉਮੀਦ ਨਹੀਂ ਸੀ ਕਿ ਉਹ ਬੱਚ ਜਾਵੇਗੀ। ਉਨ੍ਹਾਂ ਨੂੰ ਲੱਗ ਰਿਹਾ ਸੀ ਕਿ ਉਹ ਕਿਸੇ ਤਰ੍ਹਾਂ ਬੱਚ ਵੀ ਗਈ ਤਾਂ ਉਸ ਦਾ ਦਿਮਾਗ ਡੈਮਜ ਹੋ ਚੁੱਕਾ ਹੋਵੇਗਾ, ਕਿਉਂਕੀ ਉਹ ਕਰੀਬ 7 ਘੰਟੇ ਤੱਕ ਬਰਫ ਵਿਚ ਜੰਮੀ ਪਈ ਸੀ। ਹੋਲੀ-ਹੋਲੀ ਜੀਨ ਦੇ ਸਰੀਰ ਵਿਚ ਗਰਮਾਹਟ ਵਧਣ ਲਗੀ ਅਤੇ ਬਾਡੀ ਦਾ ਤਾਪਮਾਨ 98 ਡਿਗਰੀ ਫੇਰਨਹਾਈਟ ਹੋ ਗਿਆ।

ਉਸ ਦਾ ਬਚਣਾ ਇਕ ਚਮਤਕਾਰ ਹੀ ਸੀ
ਡਾਕਟਰਾਂ ਦੇ ਸ਼ੱਕ ਦੇ ਉਲਟ ਜੀਨ ਨਾ ਸਿਰਫ ਬੱਚ ਗਈ ਸਗੋਂ ਉਸ ਦੇ ਦਿਮਾਗ ਸਮੇਤ ਸਾਰੇ ਅੰਗ ਸਹੀ-ਸਲਾਮਤ ਰਹੇ। 49 ਦਿਨ ਬਾਅਦ ਜਦੋਂ ਉਸ ਨੂੰ ਹਸਪਤਾਲ ਤੋਂ ਛੁੱਟੀ ਮਿਲੀ ਤਾਂ ਉਸ ਦੇ ਸਰੀਰ ਉੱਤੇ ਕੋਈ ਸਥਾਈ ਡੈਮੇਜ ਨਹੀਂ ਸੀ। ਜੀਨ ਦਾ ਇਸ ਤਰ੍ਹਾਂ ਬੱਚ ਜਾਣਾ ਇਕ ਚਮਤਕਾਰ ਸੀ। ਡਾਕਟਰਾਂ ਦਾ ਅੰਦਾਜ਼ਾ ਹੈ ਕਿ 19 ਸਾਲ ਦੀ ਜੀਨ ਦੀ ਨੌਜਵਾਨ ਉਮਰ ਨੇ ਉਸ ਨੂੰ ਰਿਕਵਰ ਹੋਣ 'ਚ ਮਦਦ ਕੀਤੀ।
ਜ਼ਿਕਰਯੋਗ ਹੈ ਕਿ ਤੇਜ਼ ਠੰਡ ਕਾਰਨ ਸਰੀਰ ਦੇ ਖੁੱਲ੍ਹੇ ਹਿੱਸੇ ਕਾਲੇ ਪੈ ਜਾਂਦੇ ਹਨ। ਅਜਿਹਾ ਲੱਗਦਾ ਹੈ ਕਿ ਸਰੀਰ ਸੜ ਗਿਆ ਹੋਵੇ। ਜ਼ਿਆਦਾ ਠੰਡ ਵਿਚ ਸਰੀਰ ਦੇ ਅੰਗ ਗਲ ਕੇ ਡਿੱਗਣ ਲੱਗਦੇ ਹਨ। ਸਭ ਤੋਂ ਪਹਿਲਾਂ ਹੱਥ ਅਤੇ ਪੈਰਾਂ ਦੀਆਂ ਊਂਗਲਾਂ ਪ੍ਰਭਾਵਿਤ ਹੁੰਦੀਆਂ ਹਨ। ਇਹ ਡੈਮੇਜ ਸਥਾਈ ਹੁੰਦਾ ਹੈ।
