ਇਸਰੋ ਨਾਲ ਮਿਲ ਕੇ ਕੰਮ ਕਰਨਾ ਚਾਹੁੰਦਾ ਹੈ ਨਾਸਾ

Sunday, Sep 08, 2019 - 03:38 PM (IST)

ਇਸਰੋ ਨਾਲ ਮਿਲ ਕੇ ਕੰਮ ਕਰਨਾ ਚਾਹੁੰਦਾ ਹੈ ਨਾਸਾ

ਵਾਸ਼ਿੰਗਟਨ— ਨਾਸਾ ਨੇ ਭਾਰਤ ਦੇ ਇਤਿਹਾਸਿਕ ਚੰਦਰਯਾਨ-2 ਮਿਸ਼ਨ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਚੰਦਰਮਾ ਦੇ ਦੱਖਣੀ ਧਰੁਵ 'ਤੇ ਲੈਂਡਰ 'ਵਿਕਰਮ' ਦੀ ਸਾਫਟ ਲੈਂਡਿੰਗ ਕਰਵਾਉਣ ਦੀ ਭਾਰਤੀ ਸਪੇਸ ਰਿਸਰਚ ਸੈਂਟਰ (ਇਸਰੋ) ਦੀ ਕੋਸ਼ਿਸ਼ ਨੇ ਉਸ ਨੂੰ ਪ੍ਰੇਰਿਤ ਕੀਤਾ ਹੈ ਤੇ ਅਮਰੀਕੀ ਸਪੇਸ ਏਜੰਸੀ ਆਪਣੇ ਭਾਰਤੀ ਹਮਰੁਤਬਾ ਦੇ ਨਾਲ ਮਿਲ ਕੇ ਸੌਰ ਪ੍ਰਣਾਲੀ 'ਤੇ ਖੋਜ ਕਰਨਾ ਚਾਹੁੰਦਾ ਹੈ।

ਭਾਰਤੀ ਸਪੇਸ ਏਜੰਸੀ ਇਸਰੋ ਵਲੋਂ ਚੰਦਰਮਾ ਦੀ ਸਤ੍ਹਾ 'ਤੇ ਚੰਦਰਯਾਨ-2 ਦੇ ਵਿਕਰਮ ਲੈਂਡਰ ਦੀ ਸਾਫਟ ਲੈਂਡਿੰਗ ਦੀ ਮੁਹਿੰਮ ਸ਼ਨੀਵਾਰ ਨੂੰ ਆਪਣਾ ਤੈਅ ਯੋਜਨਾ ਦੇ ਮੁਤਾਬਕ ਪੂਰੀ ਨਹੀਂ ਹੋ ਸਕੀ। ਲੈਂਡਰ ਦਾ ਆਖਰੀ ਪਲਾਂ 'ਚ ਜ਼ਮੀਨੀ ਸਟੇਸ਼ਨ ਨਾਲ ਸੰਪਰਕ ਟੁੱਟ ਗਿਆ। ਇਸਰੋ ਦੇ ਅਧਿਕਾਰੀਆਂ ਦੇ ਮੁਤਾਬਕ ਚੰਦਰਯਾਨ-2 ਦਾ ਆਰਬਿਟਰ ਪੂਰੀ ਤਰ੍ਹਾਂ ਨਾਲ ਸੁਰੱਖਿਅਤ ਤੇ ਸਹੀ ਹੈ। ਨਾਸਾ ਨੇ ਸ਼ਨੀਵਾਰ ਨੂੰ ਟਵੀਟ ਕੀਤਾ ਕਿ ਸਪੇਸ ਜਟਿਲ ਹੈ। ਅਸੀਂ ਚੰਦਰਯਾਨ-2 ਮਿਸ਼ਨ ਦੇ ਤਹਿਤ ਚੰਦਰਮਾ ਦੇ ਦੱਖਣੀ ਧਰੁਵ 'ਤੇ ਉਤਰਣ ਦੀ ਇਸਰੋ ਦੀ ਕੋਸ਼ਿਸ਼ ਦੀ ਸ਼ਲਾਘਾ ਕਰਦੇ ਹਾਂ। ਤੁਸੀਂ ਆਪਣੀ ਯਾਤਰਾ ਨਾਲ ਸਾਨੂੰ ਪ੍ਰੇਰਿਤ ਕੀਤਾ ਹੈ ਤੇ ਅਸੀਂ ਸਾਡੀ ਸੌਰ ਪ੍ਰਣਾਲੀ 'ਤੇ ਮਿਲ ਕੇ ਖੋਜ ਕਰਨ ਦੇ ਭਵਿੱਖ ਦੇ ਮੌਕਿਆਂ ਨੂੰ ਲੈ ਕੇ ਉਤਸ਼ਾਹਿਤ ਹਾਂ।

ਸਾਬਕਾ ਨਾਸਾ ਸਪੇਸ ਯਾਤਰੀ ਜੇਰੀ ਲਿਨੇਂਗਰ ਨੇ ਸ਼ਨੀਵਾਰ ਨੂੰ ਕਿਹਾ ਕਿ ਚੰਦਰਯਾਨ-2 ਦੇ ਤਹਿਤ ਵਿਕਰਮ ਲੈਂਡਰ ਦੀ ਚੰਦ ਦੀ ਸਤ੍ਹਾ 'ਤੇ ਸਾਫਟ ਲੈਂਡਿੰਕ ਕਰਵਾਉਣ ਦੀ ਭਾਰਤ ਦੀ ਸਾਹਸੀ ਕੋਸ਼ਿਸ਼ ਤੋਂ ਮਿਲਿਆ ਤਜ਼ਰਬਾ ਭਵਿੱਖ ਦੇ ਮਿਸ਼ਨ 'ਚ ਸਹਾਇਕ ਹੋਵੇਗਾ। ਲਿਨੇਂਗਰ ਨੇ ਕਿਹਾ ਕਿ ਸਾਨੂੰ ਨਿਰਾਸ਼ ਨਹੀਂ ਹੋਣਾ ਚਾਹੀਦਾ। ਭਾਰਤ ਕੁਝ ਅਜਿਹਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਜੋ ਬਹੁਤ ਔਖਾ ਹੈ। ਲੈਂਡਰ ਨਾਲ ਸੰਪਰਕ ਟੁੱਟਣ ਤੋਂ ਪਹਿਲਾਂ ਸਭ ਕੁਝ ਯੋਜਨਾ ਤਹਿਤ ਸੀ।


author

Baljit Singh

Content Editor

Related News