ਨਾਸਾ ਨੇ 2.3 ਕਰੋੜ ਡਾਲਰ ਦੀ ਲਾਗਤ ਨਾਲ ਬਣੇ ਨਵੇਂ ਟਾਈਟੇਨੀਅਮ ਟਾਇਲਟ ਦੀ ਕੀਤੀ ਵਰਤੋਂ
Saturday, Oct 03, 2020 - 07:51 AM (IST)

ਕੇਪ ਕੇਨਾਰਵੇਲ– ਨਾਸਾ ਨੇ ਦਹਾਕਿਆਂ ਬਾਅਦ 2.3 ਕਰੋੜ ਡਾਲਰ (ਲਗਭਗ 168 ਕਰੋੜ ਰੁਪਏ) ਦੀ ਲਾਗਤ ਨਾਲ ਪੁਲਾੜ ਯਾਤਰੀਆਂ ਲਈ ਤਿਆਰ ਟਾਈਟੇਨੀਅਮ ਟਾਇਲਟ ਦਾ ਪ੍ਰੀਖਣ ਕੀਤਾ, ਜਿਸ ’ਚ ਔਰਤਾਂ ਦੀ ਸਹੂਲਤ ਦਾ ਵਿਸ਼ੇਸ਼ ਖਿਆਲ ਰੱਖਿਆ ਗਿਆ ਹੈ।
ਇਸ ਟਾਇਲਟ ਨੂੰ ਕਾਰਗੋ ਪੁਲਾੜੀ ਜਹਾਜ਼ ’ਚ ਰੱਖ ਕੇ ਵੀਰਵਾਰ ਦੇਰ ਰਾਤ ਨੂੰ ਵਰਜੀਨੀਆ ਦੇ ਵਾਲੋਪਸ ਆਈਲੈਂਡ ਤੋਂ ਕੌਮਾਂਤਰੀ ਪੁਲਾੜ ਕੇਂਦਰ ਨੂੰ ਰਵਾਨਾ ਕਰਨਾ ਸੀ ਪਰ ਉਲਟੀ ਗਿਣਤੀ ਪੂਰੀ ਹੋਣ ਤੋਂ ਸਿਰਫ ਦੋ ਮਿੰਟ ਪਹਿਲਾਂ ਉਡਾਨ ਰੋਕ ਦਿੱਤੀ ਗਈ।
ਨਾਰਥੋਪ ਗਰੂਮੈਨ ਨੇ ਕਿਹਾ ਕਿ ਇੰਜੀਨੀਅਰ ਜੇ ਸਮੱਸਿਆ ਦਾ ਪਤਾ ਲਗਾ ਲੈਂਦੇ ਹਨ ਤਾਂ ਸ਼ੁੱਕਰਵਾਰ ਨੂੰ ਇਸ ਨੂੰ ਮੁੜ ਰਵਾਨਾ ਕਰਨ ਦੀ ਕੋਸ਼ਿਸ਼ ਕੀਤੀ ਜਾਏਗੀ। ਇਸ ਟਾਇਲਟ ਦਾ ਲਗਭਗ 45 ਕਿਲੋਗ੍ਰਾਮ ਭਾਰ ਹੈ ਅਤੇ ਇਸ ਦੀ ਉਚਾਈ ਸਿਰਫ 71 ਸੈਂਟੀਮੀਟਰ ਹੈ ਜੋ ਮੌਜੂਦਾ ਸਮੇਂ ’ਚ ਪੁਲਾੜ ਕੇਂਦਰ ’ਚ ਲੱਗੇ ਰੂਸੀ ਟਾਇਲਟ ਦੇ ਮੁਕਾਬਲੇ ਸਿਰਫ ਅੱਧੀ ਹੈ। ਇਹ ਇੰਨਾ ਛੋਟਾ ਹੈ ਕਿ ਇਸ ਨੂੰ ਨਾਸਾ ਦੇ ਓਰੀਅਨ ਕੈਪਸੂਲ ’ਚ ਲਗਾਇਆ ਜਾ ਸਕਦਾ ਹੈ ਜੋ ਕੁਝ ਸਾਲਾਂ ਬਾਅਦ ਪੁਲਾੜ ਯਾਤਰੀਆਂ ਨੂੰ ਲੈ ਕੇ ਚੰਦਰਮਾ ’ਤੇ ਜਾਏਗਾ। ਨਾਸਾ ਮੁਤਾਬਕ ਪੁਲਾੜ ਕੇਂਦਰ ’ਚ ਮੌਜੂਦ ਪੁਲਾੜ ਯਾਤਰੀ ਕੁਝ ਮਹੀਨਿਆਂ ਤੱਕ ਇਸ ਟਾਇਲਟ ਦਾ ਇਸਤੇਮਾਲ ਕਰਨਗੇ ਅਤੇ ਸਭ ਠੀਕ ਰਿਹਾ ਤਾਂ ਇਸ ਨੂੰ ਸਥਾਈ ਰੂਪ ਨਾਲ ਲਗਾਇਆ ਜਾਏਗਾ।