ਪਾਕਿ ''ਚ ਨਨਕਾਣਾ ਸਾਹਿਬ ਗੁਰਦੁਆਰੇ ''ਤੇ ਹਮਲੇ ਦੇ 3 ਦੋਸ਼ੀਆਂ ਨੂੰ ਸਜ਼ਾ

Wednesday, Jan 13, 2021 - 05:55 PM (IST)

ਇਸਲਾਮਾਬਾਦ (ਬਿਊਰੋ): ਪਾਕਿਸਤਾਨ ਦੇ ਲਾਹੌਰ ਸ਼ਹਿਰ ਦੀ ਐਂਟੀ ਟੇਰੇਰਿਜ਼ਮ ਕੋਰਟ (ਏ.ਟੀ.ਸੀ.) ਨੇ ਮੰਗਲਵਾਰ ਨੂੰ ਦੇਸ਼ ਦੇ ਪੰਜਾਬ ਸੂਬੇ ਵਿਚ ਸਥਿਤ ਗੁਰਦੁਆਰਾ ਨਨਕਾਣਾ ਸਾਹਿਬ ਵਿਚ ਭੰਨ-ਤੋੜ ਦੇ 3 ਦੋਸ਼ੀਆਂ ਨੂੰ ਦੋ ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਮਾਮਲਾ ਪਿਛਲੇ ਸਾਲ ਦਾ ਹੈ ਜਦੋਂ ਇਕ ਸਿੱਖ ਕੁੜੀ ਦਾ ਧਰਮ ਪਰਿਵਰਤਨ ਅਤੇ ਜ਼ਬਰੀ ਵਿਆਹ ਕਰਾਉਣ ਦੇ ਬਾਅਦ ਮੁਸਲਮਾਨਾਂ ਅਤੇ ਸਿੱਖਾਂ ਵਿਚਾਲੇ ਮਾਹੌਲ ਤਣਾਅਪੂਰਨ ਬਣ ਗਿਆ ਸੀ।

ਲਾਹੌਰ ਨੇੜੇ ਸਥਿਤ ਗੁਰਦੁਆਰਾ ਨਨਕਾਣਾ ਸਾਹਿਬ ਨੂੰ ਗੁਰਦੁਆਰਾ ਜਨਮ ਸਥਾਨ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਕਿਉਂਕਿ ਸਿੱਖਾਂ ਦੇ ਪਹਿਲੇ ਗੁਰੂ ਨਾਨਕ ਦੇਵ ਜੀ ਦਾ ਜਨਮ ਇੱਥੇ ਹੋਇਆ ਸੀ ਪਰ ਪਿਛਲੇ ਸਾਲ ਜਨਵਰੀ ਵਿਚ ਇਕ ਹਿੰਸਕ ਭੀੜ ਨੇ ਗੁਰਦੁਆਰੇ 'ਤੇ ਹਮਲਾ ਕੀਤਾ ਅਤੇ  ਧਰਮ ਦੇ ਨਾਮ 'ਤੇ ਪੱਥਰਬਾਜ਼ੀ ਕੀਤੀ। ਇਸ ਦੇ ਨਾਲ ਹੀ ਘੱਟ ਗਿਣਤੀਆਂ ਦੇ ਪੂਜਾ ਸਥਲ (ਗੁਰਦੁਆਰਾ ਜਨਮ ਅਸਥਾਨ) ਨੂੰ 'ਗੁਲਾਮ-ਏ-ਮੁਸਤਫਾ' ਸਥਲ ਬਣਾਉਣ ਲਈ ਨਸ਼ਟ ਕਰਨ ਦੀ ਧਮਕੀ ਦਿੱਤੀ ਭਾਵੇਂਕਿ ਪੁਲਸ ਨੇ ਸਥਿਤੀ ਨੂੰ ਕੰਟਰੋਲ ਕਰ ਲਿਆ ਸੀ।

4 ਦੋਸ਼ੀ ਬਰੀ
ਕੋਰਟ ਦੇ ਇਕ ਅਧਿਕਾਰੀ ਨੇ ਸਮਾਚਾਰ ਏਜੰਸੀ ਨੂੰ ਦੱਸਿਆ ਕਿ ਮੰਗਲਵਾਰ ਨੂੰ ਲਾਹੌਰ ਦੇ ਇਕ ਏ.ਟੀ.ਸੀ. ਨੇ ਮੁੱਖ ਦੋਸ਼ੀ ਇਮਰਾਨ ਚਿਸ਼ਤੀ ਨੂੰ 2 ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ ਅਤੇ 10,000 ਰੁਪਏ ਦਾ ਜੁਰਮਾਨਾ ਕੀਤਾ। ਜਦਕਿ ਦੋ ਹੋਰ ਦੋਸ਼ੀਆਂ (ਮੁਹੰਮਦ ਸਲਮਾਨ ਅਤੇ ਮੁਹੰਮਦ ਅਹਿਮਦ) ਨੂੰ 6-6 ਮਹੀਨੇ ਦੀ ਸਜ਼ਾ ਸੁਣਾਈ। ਭਾਵੇਂਕਿ ਚਾਰ ਹੋਰ ਦੋਸ਼ੀਆਂ ਨੂੰ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿੱਤਾ ਗਿਆ। ਐਂਟੀ ਟੇਰੇਰਿਜ਼ਮ ਕੋਰਟ ਵੱਲੋਂ ਸਜ਼ਾ ਸੁਣਾਏ ਜਾਣ ਦੇ ਸਮੇ ਸਾਰੇ ਦੋਸ਼ੀ ਅਦਾਲਤ ਵਿਚ ਮੌਜੂਦ ਸਨ। ਧਾਰਮਿਕ ਆਗੂਆਂ ਵੱਲੋਂ ਉਹਨਾਂ ਦੀ ਸਜ਼ਾ ਦੇ ਮੱਦੇਨਜ਼ਰ ਕਿਸੇ ਵੀ ਪ੍ਰਦਰਸ਼ਨ ਨੂੰ ਸੰਭਾਲਣ ਲਈ ਸਖ਼ਤ ਸੁਰੱਖਿਆ ਉਪਾਅ ਕੀਤੇ ਗਏ ਸਨ।

ਲਗਾਈਆਂ ਗਈਆਂ ਇਹ ਧਾਰਾਵਾਂ
ਇਮਰਾਨ ਚਿਸ਼ਤੀ ਮੱਛੀ ਵਿਭਾਗ ਵਿਚ ਕੰਮ ਕਰਨ ਵਾਲਾ ਇਕ ਸਰਕਾਰੀ ਕਰਮਚਾਰੀ ਹੈ ਜਦਕਿ 2 ਹੋਰ ਸ਼ੱਕੀਆਂ ਨੂੰ ਪਿਛਲੇ ਸਾਲ ਗੁਰਦੁਆਰੇ 'ਤੇ ਹੋਏ ਹਮਲੇ ਦੇ ਬਾਅਦ ਅੱਤਵਾਦ ਅਤੇ ਈਸ਼ਨਿੰਦਾ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ। ਉਹਨਾਂ ਨੂੰ ਪਾਕਿਸਤਾਨ ਪੀਨਲ ਕੋਰਡ(ਪੀ.ਪੀ.ਸੀ.) ਅਤੇ 7-ਏਟੀਏ (ਐਂਟੀ ਟੇਰੇਰਿਜ਼ਮ ਐਕਟ) ਦੀ  ਧਾਰਾ 295ਏ, 290, 291, 341, 506, 148 ਅਤੇ 149 ਦੇ ਤਹਿਤ ਦੋਸ਼ਾਂ ਦਾ ਸਾਹਮਣਾ ਕਰਨਾ ਪਿਆ। ਦਰਜ ਐੱਫ.ਆਈ.ਆਰ. ਦੇ ਮੁਤਾਬਕ, ਇਮਰਾਨ ਚਿਸ਼ਤੀ ਨੇ ਧਰਮ ਦੇ ਨਾਮ 'ਤੇ ਮੁਸਲਿਮ ਭੀੜ ਨੂੰ ਉਕਸਾਇਆ ਸੀ। ਉਹ ਆਪਣੇ ਪਰਿਵਾਰਕ ਮੁੱਦੇ ਨੂੰ ਹੱਲ ਕਰਾਉਣਾ ਚਾਹੁੰਦਾ ਸੀ ਇਸ ਲਈ ਉਸ ਨੇ ਨਨਕਾਣਾ ਸ਼ਹਿਰ ਵਿਚ ਕਾਨੂੰਨ ਵਿਵਸਥਾ ਖਰਾਬ ਕਰਨ ਦੀ ਕੋਸ਼ਿਸ਼ ਕੀਤੀ। 

ਪੁਲਸ ਦਾ ਕਹਿਣਾ ਹੈਕਿ ਚਿਸ਼ਤੀ ਨੇ ਆਪਣੇ ਪਰਿਵਾਰਕ ਮਾਮਲੇ ਦੇ ਲਈ ਸਿੱਖਾਂ ਦੇ ਖਿਲਾਫ਼ ਮੁਸਿਲਮ ਲੋਕਾਂ ਨੂੰ ਜਾਣਬੁੱਝ ਕੇ ਗੁੰਮਰਾਹ ਕੀਤਾ ਸੀ। ਦੋਸੀ ਚਿਸ਼ਤੀ ਦੇ ਵੱਡੇ ਭਰਾ ਮੁਹੰਮਦ ਹਸਨ, ਜਿਸ ਨੇ ਸਤੰਬਰ 2020 ਵਿਚ ਇਕ ਨਾਬਾਲਗਾ ਸਿੱਖ ਕੁੜੀ ਜਗਜੀਤ ਕੌਰ ਨੂੰ ਕਥਿਤ ਤੌਰ 'ਤੇ ਅਗਵਾ ਕੀਤਾ ਅਤੇ ਉਸ ਨੂੰ ਇਸਲਾਮ ਕਬੂਲ ਕਰਾ ਕੇ ਵਿਆਹ ਕੀਤਾ ਸੀ। ਲਾਹੌਰ ਦੇ ਸਿਰਫ 80 ਕਿਲੋਮੀਟਰ ਦੂਰ ਨਨਕਾਣਾ ਸਾਹਿਬ ਦੇ ਮੁਸਲਮਾਨ ਅਤੇ ਸਿੱਖ ਇਸ ਮਾਮਲੇ ਨੂੰ ਲੈ ਕੇ ਆਹਮੋ-ਸਾਹਮਣੇ ਆ ਗਏ ਸਨ। ਚਿਸ਼ਤੀ ਨੇ ਦਾਅਵਾ ਕੀਤਾ ਸੀ ਕਿ ਗੁਰਦੁਆਰੇ ਦੇ ਗ੍ਰੰਥੀ ਦੀ ਧੀ ਦੇ ਨਾਲ ਵਿਆਹ ਕਰਨ ਕਾਰਨ ਹਸਨ ਨੂੰ ਪੁਲਸ ਨੇ ਕੁੱਟਿਆ ਸੀ।

ਨੋਟ- ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ।


Vandana

Content Editor

Related News