ਖ਼ਾਲਸਾ ਪੰਥ ਦੇ ਸਾਜਨਾ ਦਿਵਸ ਨੂੰ ਸਮਰਪਿਤ ਸਜੇ ਨਗਰ ਕੀਰਤਨ ਦੌਰਾਨ ''ਬੋਲੇ ਸੋ ਨਿਹਾਲ'' ਜੈਕਾਰਿਆਂ ਦੀ ਗੂੰਜ
Sunday, Apr 19, 2026 - 08:30 PM (IST)
ਪਾਰਮਾ (ਦਲਵੀਰ ਸਿੰਘ ਕੈਂਥ) : ਗੁਰਦੁਆਰਾ ਸਿੰਘ ਸਭਾ ਪਾਰਮਾ ਵਿਖੇ ਖਾਲਸਾ ਪੰਥ ਦੇ ਸਾਜਨਾ ਦਿਵਸ ਨੂੰ ਸਮਰਪਿਤ ਮਹਾਨ ਨਗਰ ਕੀਰਤਨ ਅੱਜ ਸਜਾਏ ਗਏ, ਜਿਸ 'ਚ ਸੰਗਤ ਨੇ ਵਧ ਚੜ੍ਹ ਕੇ ਸ਼ਮੂਲੀਅਤ ਕੀਤੀ। ਸਵੇਰੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਉਪਰੰਤ ਗੁਰਦੁਆਰਾ ਸਾਹਿਬ ਦੇ ਬੱਚਿਆਂ ਵੱਲੋਂ ਕੀਰਤਨ ਦੀ ਆਰੰਭਤਾ ਕੀਤੀ ਗਈ ਤੇ ਗ੍ਰੰਥੀ ਭਾਈ ਅਮਰਜੀਤ ਸਿੰਘ ਵੱਲੋਂ ਕੀਰਤਨ ਕੀਤਾ ਗਿਆ। 12 ਵਜੇ ਨਗਰ ਕੀਰਤਨ ਦੀ ਆਰੰਭਤਾ ਹੋਈ ਜੋ ਕਿ ਸ਼ਹਿਰ ਦੇ ਵਿੱਚੋਂ ਹੁੰਦਿਆਂ ਹੋਇਆਂ ਗੁਰਦੁਆਰਾ ਸਾਹਿਬ ਵਿਖੇ ਪਹੁੰਚਿਆ ਤੇ ਦੀਵਾਨ ਸਜਾਏ ਗਏ, ਜਿਸ 'ਚ ਭਾਈ ਅਮਰਜੀਤ ਸਿੰਘ ਜੀ ਅਤੇ ਭਾਈ ਜਰਨੈਲ ਸਿੰਘ ਜੀ ਦੇ ਕੀਰਤਨੀ ਜਥੇ ਵੱਲੋਂ ਹਾਜ਼ਰੀ ਭਰੀ ਗਈ।

ਇਸ ਦੌਰਾਨ ਗਤਕਾ ਅਕੈਡਮੀਆਂ ਵੱਲੋਂ ਗੱਤਕੇ ਦੇ ਜੌਹਰ ਦਿਖਾਏ ਗਏ। ਭਾਈ ਮਣੀ ਸਿੰਘ ਜੀ ਦਸਤਾਰ ਲਹਿਰ ਵੱਲੋਂ ਸੰਗਤਾਂ ਦੇ ਦਸਤਾਰਾਂ ਸਜਾਈਆਂ ਗਈਆਂ ਅਤੇ ਧਰਮ ਪ੍ਰਚਾਰ ਸੰਸਥਾ ਕਲਤੂਰਾ ਸਿੱਖ ਇਟਲੀ ਬੱਲੂ ਇਟਾਲੀਆ ਵੱਲੋਂ ਕਿਤਾਬਾਂ ਮੁਫਤ ਵੰਡੀਆਂ ਗਈਆਂ ਤੇ ਪੰਜਾਬੀ ਲਿਟਰੇਚਰ ਅਤੇ ਕਕਾਰਾਂ ਦਾ ਫਰੀ ਲੰਗਰ ਲਗਾਇਆ ਗਿਆ। ਗੁਰੂ ਕੇ ਲੰਗਰ ਪੰਗਤਾਂ ਵਿੱਚ ਵਰਤਾਏ ਗਏ ਤੇ ਵੱਖ-ਵੱਖ ਹੋਰ ਵੀ ਲੰਗਰ ਲਗਾਏ ਗਏ। ਸਾਰਾ ਨਗਰ ਕੀਰਤਨ ਲਾਈਵ ਦਿਖਾਇਆ ਗਿਆ। ਆਈਆਂ ਹੋਈਆਂ ਪ੍ਰਬੰਧਕ ਕਮੇਟੀਆਂ ਸੰਸਥਾਵਾਂ ਦਾ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਿਸ਼ੇਸ਼ ਸਨਮਾਨ ਕੀਤੇ ਗਏ। ਲੰਗਰ ਵਾਲੇ ਸੇਵਾਦਾਰਾਂ ਦੇ ਵੀ ਵਿਸ਼ੇਸ਼ ਸਨਮਾਨ ਕੀਤੇ ਗਏ। ਵੱਖ-ਵੱਖ ਗੁਰਦੁਆਰਿਆਂ ਦੀਆਂ ਪ੍ਰਬੰਧਕ ਕਮੇਟੀਆਂ ਅਤੇ ਧਾਰਮਿਕ ਜਥੇਬੰਦੀਆਂ ਵੱਲੋਂ ਸ਼ਮੂਲੀਅਤ ਕੀਤੀ ਗਈ।

