ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਯਾਤਰਾ ਦੌਰਾਨ ਕਥਿਤ ਬੇਅਦਬੀ ਦਾ ਮਾਮਲਾ ਭਖਿਆ
Friday, Jul 24, 2026 - 04:49 PM (IST)
ਲੰਡਨ/ਸਰੀ/ ਇਟਲੀ/ ਸਪੇਨ- ਸਰਬਜੀਤ ਸਿੰਘ ਬਨੂੜ- ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 225 ਪਾਵਨ ਸਰੂਪਾਂ ਨੂੰ ਕੈਨੇਡਾ ਦੇ ਗੁਰਦੁਆਰਾ ਸ੍ਰੀ ਸਿੰਘ ਸਭਾ ਸਰੀ ਭੇਜਣ ਦੌਰਾਨ ਕਥਿਤ ਤੌਰ ’ਤੇ ਹੋਈਆਂ ਮਰਿਆਦਾ ਸਬੰਧੀ ਉਲੰਘਣਾਵਾਂ ਨੂੰ ਲੈ ਕੇ ਯੂਰਪ ਦੀਆਂ ਸਿੱਖ ਸੰਗਤਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ। ਇਟਲੀ, ਸਪੇਨ ਅਤੇ ਗ੍ਰੀਸ ਨਾਲ ਸਬੰਧਤ ਸੇਵਾਦਾਰਾਂ ਵਿੱਚ ਇਟਲੀ ਤੋਂ ਭਾਈ ਬਲਜਿੰਦਰ ਸਿੰਘ, ਭਾਈ ਕਸ਼ਮੀਰ ਸਿੰਘ, ਭਾਈ ਸੁਖਜੀਤ ਸਿੰਘ, ਭਾਈ ਕੁਲਵਿੰਦਰ ਸਿੰਘ, ਭਾਈ ਜਰਨੈਲ ਸਿੰਘ, ਭਾਈ ਜਸਵੀਰ ਸਿੰਘ ਅਤੇ ਭਾਈ ਦਿਲਜੋਤ ਸਿੰਘ, ਸਪੇਨ ਤੋਂ ਭਾਈ ਜਗਤਾਰ ਸਿੰਘ, ਭਾਈ ਸੀਤਲ ਸਿੰਘ, ਭਾਈ ਹਰਜੀਤ ਸਿੰਘ, ਭਾਈ ਬਲਵਿੰਦਰ ਸਿੰਘ, ਭਾਈ ਸੁੱਖਾ ਸਿੰਘ, ਭਾਈ ਕਮਲਜੀਤ ਸਿੰਘ, ਭਾਈ ਜਗਜੀਤ ਸਿੰਘ ਅਤੇ ਭਾਈ ਅਮਰੀਕ ਸਿੰਘ, ਜਦਕਿ ਗ੍ਰੀਸ ਤੋਂ ਭਾਈ ਬਲਕਾਰ ਸਿੰਘ (ਸੀਮਾਧਾਰੀ), ਭਾਈ ਰਾਜਵੀਰ ਸਿੰਘ (ਏਥਨ), ਭਾਈ ਮੇਜਰ ਸਿੰਘ (ਥੀਵਾ), ਭਾਈ ਰਣਜੀਤ ਸਿੰਘ (ਮੇਗਾਰਾ), ਭਾਈ ਅਮਰੀਕ ਸਿੰਘ (ਕਰੂਪੀ) ਅਤੇ ਭਾਈ ਸੋਢੀ ਸਿੰਘ (ਸਕਾਲਾ ਰੋਪੋ) ਨੇ ਦਸਤਖ਼ਤ ਕਰਦਿਆਂ ਕਿਹਾ ਕਿ ਜੇਕਰ ਭਵਿੱਖ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀਆਂ ਯਾਤਰਾਵਾਂ ਲਈ ਸੇਵਾ ਦੀ ਲੋੜ ਪਈ ਤਾਂ ਉਹ ਖਾਲਸਾਈ ਮਰਿਆਦਾ ਅਨੁਸਾਰ ਇਹ ਸੇਵਾ ਨਿਭਾਉਣ ਲਈ ਪੂਰੀ ਤਰ੍ਹਾਂ ਤਿਆਰ ਹਨ। ਬਿਆਨ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਇਸ ਯਾਤਰਾ ਦੌਰਾਨ ਪੰਥਕ ਮਰਿਆਦਾ ਦੀ ਪਾਲਣਾ ਨਹੀਂ ਕੀਤੀ ਗਈ ਅਤੇ ਪ੍ਰਬੰਧਾਂ ਵਿੱਚ ਗੰਭੀਰ ਕਮੀਆਂ ਰਹੀਆਂ।
ਬਿਆਨ ਵਿੱਚ ਕਿਹਾ ਗਿਆ ਹੈ ਕਿ ਪਾਵਨ ਸਰੂਪ ਸਮੁੰਦਰੀ ਕੰਟੇਨਰਾਂ ਰਾਹੀਂ ਤਿੰਨ ਮਹੀਨਿਆਂ ਤੋਂ ਵੱਧ ਸਮੇਂ ਤੱਕ ਸਫ਼ਰ ਕਰਦੇ ਰਹੇ, ਜਦਕਿ ਪੰਜ ਪਿਆਰਿਆਂ ਲਈ ਹਵਾਈ ਯਾਤਰਾ ਅਤੇ ਹੋਰ ਸੁਵਿਧਾਵਾਂ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ। ਇਸ ਤੋਂ ਇਲਾਵਾ ਦਾਅਵਾ ਕੀਤਾ ਗਿਆ ਹੈ ਕਿ ਜਦੋਂ ਪਾਵਨ ਸਰੂਪਾਂ ਵਾਲੀ ਬੱਸ ਵੈਨਕੂਵਰ ਪੋਰਟ ’ਤੇ ਪਹੁੰਚੀ ਤਾਂ ਉਹ ਖ਼ਰਾਬ ਹੋ ਗਈ ਅਤੇ ਉਸ ਨੂੰ ਟੋਚਨ ਕਰਕੇ ਲਿਜਾਣਾ ਪਿਆ। ਯੂਰਪ ਦੀਆਂ ਸੰਗਤਾਂ ਨੇ ਕਿਹਾ ਹੈ ਕਿ ਜੇਕਰ ਅਜਿਹੇ ਪ੍ਰਬੰਧ ਕਰਨ ਵਿੱਚ ਸੰਬੰਧਤ ਕਮੇਟੀਆਂ ਅਸਮਰੱਥ ਹਨ ਤਾਂ ਇਟਲੀ, ਸਪੇਨ ਅਤੇ ਗ੍ਰੀਸ ਦੀਆਂ ਸੰਗਤਾਂ ਮਨ, ਤਨ ਅਤੇ ਧਨ ਨਾਲ ਗੁਰੂ ਘਰ ਦੀ ਇਸ ਸੇਵਾ ਲਈ ਅੱਗੇ ਆਉਣ ਨੂੰ ਤਿਆਰ ਹਨ ਅਤੇ ਖਾਲਸਾਈ ਰਹਿਤ-ਮਰਿਆਦਾ ਅਨੁਸਾਰ ਇਹ ਜ਼ਿੰਮੇਵਾਰੀ ਨਿਭਾਉਣਗੀਆਂ।
ਪੜ੍ਹੋ ਇਹ ਅਹਿਮ ਖ਼ਬਰ- ਕੈਨੇਡਾ 'ਚ ਪੰਜਾਬਣ ਕੁੜੀ ਦਾ ਕਤਲ, ਲਿਵ-ਇਨ ਪਾਰਟਨਰ ਨੇ ਦਿੱਤੀ ਦਰਦਨਾਕ ਮੌਤ
ਬਿਆਨ ਵਿੱਚ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਗਈ ਹੈ ਕਿ ਨਵੇਂ ਬੇਅਦਬੀ ਕਾਨੂੰਨ ਤਹਿਤ ਜੇਕਰ ਕੋਈ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਵੀ ਸੰਬੰਧਤ ਮਾਮਲੇ ਦੀ ਜਾਂਚ ਕਰਕੇ ਬਣਦੀ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ। ਸੰਗਤਾਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਕਾਰਵਾਈ ਨਾ ਹੋਈ ਤਾਂ ਯੂਰਪ ਭਰ ਦੀਆਂ ਸੰਗਤਾਂ ਨੂੰ ਨਾਲ ਲੈ ਕੇ ਪੰਥਕ ਮੁਹਿੰਮ ਚਲਾਈ ਜਾਵੇਗੀ। ਇਟਲੀ, ਸਪੇਨ ਅਤੇ ਗ੍ਰੀਸ ਨਾਲ ਸਬੰਧਤ ਸੇਵਾਦਾਰਾਂ ਨੇ ਭਵਿੱਖ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਯਾਤਰਾਵਾਂ ਲਈ ਸੇਵਾ ਸੰਭਾਲਣ ਦੀ ਪੇਸ਼ਕਸ਼ ਵੀ ਕੀਤੀ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਯਾਤਰਾ ਦੌਰਾਨ ਕਥਿਤ ਬੇਅਦਬੀ ਦਾ ਮਾਮਲਾ ਭਖਿਆ
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
