ਦੇਸੀ ਨਵੇਂ ਸਾਲ ਮੌਕੇ ਇਟਲੀ ''ਚ ਸ਼ਾਹੀ ਸ਼ਾਨੋ-ਸ਼ੌਕਤ ਨਾਲ ਕੱਢਿਆ ਗਿਆ ਵਿਸ਼ਾਲ ਨਗਰ-ਕੀਰਤਨ
Tuesday, Mar 18, 2025 - 05:39 PM (IST)

ਬਰੇਸ਼ੀਆ (ਦਲਵੀਰ ਸਿੰਘ ਕੈਂਥ)- ਇਟਲੀ ਦੀ ਸਿੱਖ ਸੰਗਤ ਤੇ ਗੁਰੂ ਦੀਆਂ ਲਾਡਲੀਆਂ ਖਾਲਸਾਈ ਫੌਜਾਂ ਵੱਲੋਂ ਗੁਰਦੁਆਰਾ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀਓ ਲੇਨੌ, ਬਰੇਸ਼ੀਆ, ਇਟਲੀ ਵਿਖੇ ਹੋਲਾ-ਮੁਹੱਲਾ ਅਤੇ ਸਿੱਖ ਜਗਤ ਦੇ ਨਵੇਂ ਵਰ੍ਹੇ ਸੰਮਤ 557 ਨੂੰ ਸਮਰਪਿਤ ਸਾਲ 2025 ਦਾ ਪਹਿਲਾ ਵਿਸ਼ਾਲ ਨਗਰ ਕੀਰਤਨ ਖਾਲਸੇ ਰਾਜ ਦੀ ਗਵਾਹੀ ਭਰਦੇ ਸ਼ਾਹੀ ਸ਼ਾਨੋ-ਸ਼ੌਕਤ ਨਾਲ ਸਜਾਇਆ ਗਿਆ।
ਇਸ ਨਗਰ ਕੀਰਤਨ ਦੀ ਵਿਲੱਖਣਤਾ ਇਹ ਸੀ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਇਟਲੀ ਦੀ ਸਿਰਮੌਰ ਧਰਮ ਪ੍ਰਚਾਰ ਸੰਸਥਾ ਕਲਤੂਰਾ ਸਿੱਖ ਇਟਲੀ ਵੱਲੋਂ ਸਾਂਝੇ ਉਪਰਾਲੇ ਤਹਿਤ ਪਿਛਲੇ ਲਗਭਗ ਇਕ ਮਹੀਨੇ ਤੋਂ ਵੀ ਵੱਧ ਸਮੇਂ ਤੋਂ ਇਸ ਸਾਲ ਇਟਲੀ ਵਿੱਚ ਹੋਣ ਵਾਲੇ ਨਗਰ ਕੀਰਤਨਾਂ ਵਿੱਚ ਲੰਗਰ ਦੀ ਗੁਰਮਰਿਆਦਾ ਨੂੰ ਬਹਾਲ ਕਰਨ ਅਤੇ ਹਰ ਪ੍ਰਕਾਰ ਦੇ ਲੰਗਰ ਸਿਰਫ ਪੰਗਤ ਵਿੱਚ ਹੀ ਬੈਠ ਕੇ ਛਕਣ ਬਾਰੇ ਸੰਗਤਾਂ ਨੂੰ ਵੱਖ-ਵੱਖ ਮਾਧਿਅਮਾਂ ਰਾਹੀਂ ਜਾਗਰੂਕ ਕੀਤਾ ਗਿਆ। ਗੁਰੂ ਸਾਹਿਬ ਜੀ ਦੀ ਕਿਰਪਾ ਸਦਕਾ ਪ੍ਰਚਾਰ ਦੇ ਸਾਰਥਕ ਸਿੱਟੇ ਨਿਕਲੇ ਅਤੇ ਸਮੁੱਚੀ ਸਾਧ-ਸੰਗਤਾਂ ਨੇ ਬਹੁਤ ਹੀ ਸ਼ਰਧਾ ਅਤੇ ਉਤਸ਼ਾਹ ਤਹਿਤ ਗੁਰਮਤਿ ਸਿਧਾਂਤਾਂ ਅਨੁਸਾਰ ਹਰ ਪ੍ਰਕਾਰ ਦਾ ਲੰਗਰ ਛਕਿਆ।
ਨਗਰ ਕੀਰਤਨ ਦੀ ਆਰੰਭਤਾ ਗੁਰਦੁਆਰਾ ਸਾਹਿਬ ਵਿਖੇ ਅਰਦਾਸ ਉਪਰੰਤ ਪੰਜ ਨਿਸ਼ਾਨਚੀ ਸਿੰਘਾਂ, ਪੰਜ ਪਿਆਰੇ ਸਿੰਘ ਸਾਹਿਬਾਨਾਂ ਅਤੇ ਸੁੰਦਰ ਪਾਲਕੀ ਵਿੱਚ ਸੁਸ਼ੋਭਿਤ ਧੰਨ-ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਵਿੱਚ ਗੁਰਦੁਆਰਾ ਸਾਹਿਬ ਤੋਂ ਆਰੰਭ ਹੋਇਆ ਤੇ ਪੂਰੇ ਨਗਰ ਦੀ ਪ੍ਰਤਿਮਾ ਕਰਦਾ ਹੋਇਆ ਵਾਪਸ ਗੁਰਦੁਆਰਾ ਸਾਹਿਬ ਵਿਖੇ ਪੁੱਜ ਕੇ ਸਮਾਪਤ ਹੋਇਆ। ਇਸ ਵਿਸ਼ਾਲ ਨਗਰ ਕੀਰਤਨ ਮੌਕੇ ਖਾਲਸੇ ਦੀ ਚੜ੍ਹਦੀ ਕਲਾ ਦੇ ਲੱਗ ਰਹੇ ਜੈਕਾਰੇ 'ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ' ਚੁਫੇਰਿਓਂ ਖਾਲਸਾਈ ਮਾਹੌਲ ਬਣਾ ਰਹੇ ਸਨ।
ਸਿੱਖ ਮਾਰਸ਼ਲ ਆਰਟ ਗਤਕਾ ਕਲਾ ਦੇ ਗਤਕਾ ਅਕੈਡਮੀ ਵਾਲੇ ਸਿੰਘਾਂ ਵੱਲੋਂ ਅਦਭੁਤ ਜੌਹਰ ਦਿਖਾਏ ਗਏ, ਜਿਸ ਨੂੰ ਦੇਖ ਇਟਲੀ ਤੇ ਹੋਰ ਦੇਸ਼ਾਂ ਦੇ ਲੋਕ ਵੀ ਗਦ-ਗਦ ਹੋ ਉੱਠੇ। ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੱਖ-ਵੱਖ ਗੁਰਦੁਆਰਾ ਸਾਹਿਬਾਨਾਂ ਦੀਆਂ ਕਮੇਟੀਆਂ, ਸੇਵਾ ਨਿਭਾਉਣ ਵਾਲੇ ਸੇਵਾਦਾਰਾਂ, ਪ੍ਰਸ਼ਾਸਨਿਕ ਅਤੇ ਪੁਲਸ ਅਧਿਕਾਰੀਆਂ ਦਾ ਹਾਜ਼ਰੀਆਂ ਭਰਨ 'ਤੇ ਜੀ ਆਇਆਂ ਕਹਿ ਕੇ ਅਤੇ ਸਨਮਾਨ ਚਿੰਨ ਦੇ ਕੇ ਸਨਮਾਨ ਕੀਤਾ ਗਿਆ।
ਕਲਤੂਰਾ ਸਿੱਖ ਸੰਸਥਾ ਦੇ ਸੇਵਾਦਾਰਾਂ ਵੱਲੋਂ ਵੀ ਸਮੂਹ ਸੰਗਤਾਂ ਅਤੇ ਵੱਖ-ਵੱਖ ਤਰ੍ਹਾਂ ਦੇ ਸਟਾਲ ਲਗਾਉਣ ਵਾਲੇ ਵੀਰਾਂ ਵੱਲੋਂ ਉਨ੍ਹਾਂ ਨੂੰ ਲੰਗਰ ਪੰਗਤ ਤੇ ਸੰਗਤ ਵਿੱਚ ਹੀ ਵਰਤਾਉਣ ਤੇ ਛਕਣ ਲਈ ਤਹਿ ਦਿਲੋਂ ਧੰਨਵਾਦ ਕੀਤਾ ਗਿਆ। ਉਨ੍ਹਾਂ ਵੱਲੋਂ ਇਟਲੀ ਦੀਆਂ ਸਮੂਹ ਸਿੱਖ ਜਥੇਬੰਦੀਆਂ ਨੂੰ ਮੁੜ ਅਪੀਲ ਕੀਤੀ ਗਈ ਕਿ ਨਗਰ ਕੀਰਤਨਾਂ ਵਿੱਚ ਲੰਗਰਾਂ ਦੀ ਗੁਰਮਰਿਆਦਾ ਨੂੰ ਬਹਾਲ ਕਰਨ ਲਈ ਸਾਰਿਆਂ ਵੱਲੋਂ ਆਪਣੇ ਆਪਣੇ ਤਰੀਕੇ ਨਾਲ ਯੋਗਦਾਨ ਦਿੱਤਾ ਜਾਵੇ।
ਇਹ ਵੀ ਪੜ੍ਹੋ- ਮੁੱਖ ਮੰਤਰੀ ਦੀ ਦੌੜ 'ਚੋਂ ਰਾਜਾ ਵੜਿੰਗ ਬਾਹਰ, ਕਿਹਾ- 'ਮੈਂ ਨਹੀਂ ਚਾਹੁੰਦਾ CM ਬਣਨਾ...'
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e