ਪ੍ਰਿੰਸ ਜਾਰਜ ''ਚ ਸਜਾਇਆ ਗਿਆ ਵਿਸ਼ਾਲ ਨਗਰ ਕੀਰਤਨ, ਵੱਡੀ ਗਿਣਤੀ ''ਚ ਸੰਗਤਾਂ ਨੇ ਭਰੀ ਹਾਜ਼ਰੀ
Monday, May 19, 2025 - 09:59 AM (IST)

ਕੈਨੇਡਾ (ਮਲਕੀਤ ਸਿੰਘ)- ਬ੍ਰਿਟਿਸ਼ ਕੋਲੰਬੀਆ ਦੇ ਖੂਬਸੂਰਤ ਪਹਾੜਾਂ ਦੀ ਗੋਦ 'ਚ ਵਸਦੇ ਸ਼ਹਿਰ ਪ੍ਰਿੰਸ ਜਾਰਜ 'ਚ ਸਥਿਤ ਗੁਰਦੁਆਰਾ ਗੁਰੂ ਨਾਨਕ ਦਰਬਾਰ ਤੋਂ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਇੱਕ ਮਹਾਨ ਨਗਰ ਕੀਰਤਨ ਨੂੰ ਸਜਾਇਆ ਗਿਆ ਜਿਸ ਵਿੱਚ ਵੱਡੀ ਗਿਣਤੀ 'ਚ ਸੰਗਤਾਂ ਸ਼ਾਮਲ ਹੋਈਆਂ।
ਉਕਤ ਗੁਰੂਘਰ ਦੀ ਪ੍ਰਬੰਧਕ ਕਮੇਟੀ ਦੇ ਬੁਲਾਰੇ ਭਾਈ ਜਸਵੰਤ ਸਿੰਘ ਨੇ ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਸ ਸਬੰਧ ਵਿੱਚ ਅਰਦਾਸ ਕਰਨ ਉਪਰੰਤ ਸਵੇਰੇ ਗੁਰਦੁਆਰਾ ਨਾਨਕ ਦਰਬਾਰ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਛਤਰ-ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ 'ਚ ਰਵਾਨਾ ਹੋਇਆ ਇਹ ਨਗਰ ਕੀਰਤਨ ਤੈਅਸ਼ੁਦਾ ਰੂਟਾਂ ਤੋਂ ਹੁੰਦਾ ਹੋਇਆ ਸੀ.ਐੱਨ. ਸੈਂਟਰ ਪਹੁੰਚਿਆ, ਜਿੱਥੇ ਲਗਾਈਆਂ ਗਈਆਂ ਸਟੇਜਾਂ ਤੋਂ ਵੱਖ-ਵੱਖ ਪ੍ਰਚਾਰਕਾਂ ਵੱਲੋਂ ਸਿੱਖ ਇਤਿਹਾਸ ਨਾਲ ਸੰਗਤਾਂ ਨੂੰ ਜੋੜਿਆ ਗਿਆ।
ਨਗਰ ਕੀਰਤਨ ਦੌਰਾਨ ਸਥਾਨਕ ਸਿੱਖ ਸੰਗਤਾਂ ਵੱਲੋਂ ਬਾਹਰੋਂ ਆਈਆਂ ਸੰਗਤਾਂ ਦੀ ਸਹੂਲਤ ਲਈ ਵੱਖ-ਵੱਖ ਪਕਵਾਨਾਂ ਦੇ ਲੰਗਰਾਂ ਦੇ ਪ੍ਰਬੰਧ ਵੀ ਕੀਤੇ ਗਏ ਸਨ। ਵੱਖ-ਵੱਖ ਗਤਕਾ ਟੀਮਾਂ ਵੱਲੋਂ ਦਿਖਾਏ ਗਏ ਗਤਕੇ ਦੇ ਜੌਹਰਾਂ ਨਾਲ ਸਿਰਜਿਆ ਗਿਆ ਜੁੰਗਾਜੂ ਮਾਹੌਲ ਦੇਖਣਯੋਗ ਸੀ।
ਨਗਰ ਕੀਰਤਨ ਚ ਸ਼ਾਮਲ ਹੋਈਆਂ ਸੰਗਤਾਂ ਆਪਣੇ ਸਿਰਾਂ 'ਤੇ ਸਜਾਈਆਂ ਕੇਸਰੀ ਦਸਤਾਰਾਂ ਅਤੇ ਕੇਸਰੀ ਦੁਪੱਟਿਆਂ ਕਾਰਨ ਸਮੁੱਚਾ ਪ੍ਰਿੰਸ ਜਾਰਜ ਸ਼ਹਿਰ ਖਾਲਸਾਈ ਰੰਗ 'ਚ ਰੰਗਿਆ ਮਹਿਸੂਸ ਹੋਇਆ। ਜ਼ਿਕਰਯੋਗ ਹੈ ਕਿ ਇਸ ਨਗਰ ਕੀਰਤਨ 'ਚ ਵੱਖ-ਵੱਖ ਸਿਆਸੀ ਹਸਤੀਆਂ ਵੱਲੋਂ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰੀ ਭਰੀ ਗਈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e