26 ਘੰਟੇ ਟਰੱਕ ਚਲਾਉਣ ਕਾਰਨ ਵਾਪਰਿਆ ਹਾਦਸਾ ! ਪੰਜਾਬੀ ਨੌਜਵਾਨ ਨੇ ਕੈਨੇਡਾ ''ਚ ਕਬੂਲਿਆ ਆਪਣਾ ਗੁਨਾਹ
Thursday, Feb 12, 2026 - 01:35 PM (IST)
ਇੰਟਰਨੈਸ਼ਨਲ ਡੈਸਕ- ਸਾਲ 2023 ਵਿੱਚ ਕੈਨੇਡਾ ਦੇ ਓਂਟਾਰੀਓ ਵਿੱਚ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਵਿੱਚ, ਜਿਸ ਵਿੱਚ ਓਲੰਪਿਕ ਫਿਗਰ ਸਕੇਟਰ ਅਲੈਗਜ਼ੈਂਡਰਾ ਪੌਲ ਦੀ ਮੌਤ ਹੋ ਗਈ ਸੀ, ਭਾਰਤੀ ਮੂਲ ਦੇ ਟਰੱਕ ਡਰਾਈਵਰ ਸੁਖਵਿੰਦਰ ਸਿੱਧੂ ਨੇ ਆਪਣਾ ਗੁਨਾਹ ਕਬੂਲ ਕਰ ਲਿਆ ਹੈ। 31 ਸਾਲਾ ਸੁਖਵਿੰਦਰ ਸਿੱਧੂ 'ਤੇ ਖ਼ਤਰਨਾਕ ਡਰਾਈਵਿੰਗ ਰਾਹੀਂ ਮੌਤ ਦਾ ਕਾਰਨ ਬਣਨ ਦੇ ਦੋਸ਼ ਲੱਗੇ ਸਨ ।
ਜਾਂਚ ਵਿੱਚ ਸਾਹਮਣੇ ਆਇਆ ਕਿ ਹਾਦਸੇ ਦੇ ਸਮੇਂ ਸੁਖਵਿੰਦਰ ਸਿੱਧੂ ਲਗਾਤਾਰ 26 ਘੰਟਿਆਂ ਤੋਂ ਟਰੱਕ ਚਲਾ ਰਿਹਾ ਸੀ, ਜੋ ਕਿ ਕਾਨੂੰਨੀ ਨਿਯਮਾਂ ਦੀ ਉਲੰਘਣਾ ਹੈ। ਇਸ ਦੌਰਾਨ ਉਨ੍ਹਾਂ ਦੇ ਟਰੱਕ ਦੀ ਇਕ ਕਾਰ ਨਾਲ ਜ਼ਬਰਦਸਤ ਟੱਕਰ ਹੋ ਗਈ, ਜਿਸ 'ਚ 31 ਸਾਲਾ ਅਲੈਗਜ਼ੈਂਡਰਾ ਪੌਲ ਦੀ ਮੌਤ ਹੋ ਗਈ ਸੀ, ਜੋ ਕਿ ਸਾਬਕਾ ਓਲੰਪਿਕ ਫਿਗਰ ਸਕੇਟਰ ਸੀ। ਹਾਦਸੇ ਵੇਲੇ ਉਸ ਦਾ ਛੋਟਾ ਬੱਚਾ ਵੀ ਕਾਰ ਵਿੱਚ ਸੀ, ਜੋ ਕਿ ਚਮਤਕਾਰੀ ਢੰਗ ਨਾਲ ਬਚ ਗਿਆ।
ਸੁਖਵਿੰਦਰ ਸਿੱਧੂ ਨੇ ਇਸ ਮਹੀਨੇ ਸ਼ੁਰੂ ਹੋਣ ਵਾਲੀ ਸੁਣਵਾਈ ਤੋਂ ਪਹਿਲਾਂ ਹੀ ਆਪਣੀ ਗ਼ਲਤੀ ਮੰਨ ਲਈ ਹੈ। ਕੈਨੇਡਾ ਦੇ ਕਾਨੂੰਨ ਮੁਤਾਬਕ ਵਪਾਰਕ ਵਾਹਨ ਚਲਾਉਣ ਵਾਲਿਆਂ ਲਈ ਆਰਾਮ ਦੇ ਨਿਯਮ ਬਹੁਤ ਸਖ਼ਤ ਹਨ। ਲਗਾਤਾਰ 26 ਘੰਟੇ ਬਿਨਾਂ ਆਰਾਮ ਕੀਤੇ ਗੱਡੀ ਚਲਾਉਣਾ ਇਸ ਘਾਤਕ ਹਾਦਸੇ ਦਾ ਮੁੱਖ ਕਾਰਨ ਬਣਿਆ। ਸਿੱਧੂ ਵੱਲੋਂ ਗੁਨਾਹ ਕਬੂਲਣ ਤੋਂ ਬਾਅਦ ਹੁਣ ਅਦਾਲਤ ਵੱਲੋਂ ਉਸ ਨੂੰ ਸਖ਼ਤ ਸਜ਼ਾ ਸੁਣਾਈ ਜਾ ਸਕਦੀ ਹੈ।
