ਮਿਆਂਮਾਰ ਸਰਕਾਰ ਨੇ ਕਤਲੇਆਮ ਦੀਆਂ ਖ਼ਬਰਾਂ ਨੂੰ ਕੀਤਾ ਖ਼ਾਰਜ
Friday, Dec 10, 2021 - 03:24 PM (IST)
ਬੈਂਕਾਕ (ਭਾਸ਼ਾ)- ਮਿਆਂਮਾਰ ਦੀ ਫੌਜੀ ਸਰਕਾਰ ਨੇ ਉਨ੍ਹਾਂ ਖ਼ਬਰਾਂ ਨੂੰ "ਫਰਜ਼ੀ" ਕਰਾਰ ਦਿੱਤਾ ਹੈ, ਜਿਸ ਵਿਚ ਦੇਸ਼ ਦੇ ਉੱਤਰ-ਪੱਛਮ ਹਿੱਸੇ ਵਿਚ ਫੌਜ ਵੱਲੋਂ ਕਥਿਤ ਤੌਰ 'ਤੇ 11 ਪਿੰਡ ਵਾਸੀਆਂ ਦਾ ਕਤਲ ਕਰਨ ਦਾ ਦਾਅਵਾ ਕੀਤਾ ਗਿਆ ਸੀ। ਬਾਅਦ ਵਿਚ ਪਿੰਡ ਵਾਸੀਆਂ ਦੀਆਂ ਸੜੀਆਂ ਹੋਈਆਂ ਲਾਸ਼ਾਂ ਮਿਲੀਆਂ ਸਨ। ਸਰਕਾਰੀ ਅਖ਼ਬਾਰ 'ਗਲੋਬਲ ਨਿਊ ਲਾਈਟ ਆਫ ਮਿਆਂਮਾਰ' ਦੇ ਸ਼ੁੱਕਰਵਾਰ ਦੇ ਐਡੀਸ਼ਨ ਵਿਚ ਕੁੱਝ ਮੀਡੀਆ ਸੰਗਠਨਾਂ ਨੂੰ "ਰਾਸ਼ਟਰ ਵਿਨਾਸ਼ਕਾਰੀ ਮੀਡੀਆ" ਦੱਸਦੇ ਹੋਏ ਉਨ੍ਹਾਂ 'ਤੇ ਉਸ ਵੀਡੀਓ ਨੂੰ ਫੈਲਾਉਣ ਦਾ ਦੋਸ਼ ਲਗਾਇਆ ਗਿਆ, ਜਿਸ ਵਿਚ ਇਸ ਕਤਲੇਆਮ ਲਈ ਮਿਆਂਮਾਰ ਦੇ ਸੁਰੱਖਿਆ ਬਲਾਂ ਨੂੰ ਜ਼ਿੰਮੇਦਾਰ ਠਹਿਰਾਇਆ ਗਿਆ ਹੈ।
ਖ਼ਬਰ 'ਚ ਕਿਹਾ ਗਿਆ, 'ਮੁਢਲੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਇਹ ਵੀਡੀਓ ਤਾਤਮਾਦਾਓ (ਮਿਆਂਮਾਰ ਆਰਮੀ) ਨਾਲ ਬਿਲਕੁਲ ਵੀ ਸਬੰਧਤ ਨਹੀਂ ਹੈ ਅਤੇ ਇਹ ਫੌਜ ਦੇ ਅਕਸ ਨੂੰ ਖ਼ਰਾਬ ਕਰਨ ਦੀ ਸਾਜ਼ਿਸ਼ ਹੈ।' ਖ਼ਬਰ ਵਿਚ ਕਤਲਾਂ ਦੇ ਸਬੰਧ ਵਿਚ ਕੋਈ ਵਿਸਤ੍ਰਿਤ ਜਾਣਕਾਰੀ ਨਹੀਂ ਦਿੱਤੀ ਗਈ। ਖ਼ਬਰ ਵਿਚ ਕਿਹਾ ਗਿਆ, 'ਸਥਾਨਕ ਅਤੇ ਵਿਦੇਸ਼ੀ ਤਾਕਤਾਂ ਦੀ ਸਾਂਝੀ ਸਾਜ਼ਿਸ਼ ਕਾਰਨ ਇਹ ਵੀਡੀਓ ਤੇਜ਼ੀ ਨਾਲ ਅਤੇ ਵਿਆਪਕ ਤੌਰ 'ਤੇ ਸੋਸ਼ਲ ਮੀਡੀਆ 'ਤੇ ਫੈਲ ਗਈ।' ਜ਼ਿਕਰਯੋਗ ਹੈ ਕਿ ਮੰਗਲਵਾਰ ਨੂੰ ਸਗਾਇੰਗ ਇਲਾਕੇ ਦੇ ਡੋਨ ਤਾਵ ਪਿੰਡ 'ਚ ਸੜੀਆਂ ਹੋਈਆਂ ਲਾਸ਼ਾਂ ਦੀਆਂ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਸਨ। ਦੱਸਿਆ ਜਾ ਰਿਹਾ ਹੈ ਕਿ ਇਹ ਤਸਵੀਰਾਂ ਪਿੰਡ ਵਾਸੀਆਂ ਦਾ ਕਤਲ ਕਰਕੇ ਲਾਸ਼ਾਂ ਨੂੰ ਅੱਗ ਲਾਉਣ ਤੋਂ ਤੁਰੰਤ ਬਾਅਦ ਦੀਆਂ ਹਨ।