ਮਿਆਂਮਾਰ : ਜਹਾਜ਼ ਹਾਦਸਿਆਂ ''ਚ ਦੋ ਪਾਇਲਟਾਂ ਤੇ ਇਕ ਲੜਕੀ ਦੀ ਮੌਤ
Tuesday, Oct 16, 2018 - 05:17 PM (IST)

ਯੰਗੂਨ (ਭਾਸ਼ਾ)— ਮਿਆਂਮਾਰ ਵਿਚ ਸੰਘਣੀ ਧੁੰਦ ਕਾਰਨ ਮੰਗਲਵਾਰ ਨੂੰ ਹੋਏ ਵੱਖ-ਵੱਖ ਜਹਾਜ਼ ਹਾਦਸਿਆਂ ਵਿਚ ਦੋ ਲੜਾਕੂ ਪਾਇਲਟਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਜਹਾਜ਼ ਦਾ ਇਕ ਟੁੱਕੜਾ ਇਕ ਘਰ 'ਤੇ ਡਿੱਗ ਪਿਆ, ਜਿਸ ਦੀ ਚਪੇਟ ਵਿਚ ਆਉਣ ਨਾਲ ਉਸ ਘਰ ਵਿਚ ਮੌਜੂਦ 10 ਸਾਲਾ ਲੜਕੀ ਦੀ ਮੌਤ ਹੋ ਗਈ। ਹਵਾਈ ਫੌਜ ਦੇ ਇਕ ਅਧਿਕਾਰੀ ਨੇ ਸਮਾਚਾਰ ਏਜੰਸੀ ਨੂੰ ਦੱਸਿਆ ਕਿ ਖਰਾਬ ਰੋਸ਼ਨੀ ਕਾਰਨ ਐੱਫ-7 ਜੈੱਟ ਜਹਾਜ਼ ਯੰਗੂਨ ਤੋਂ ਕਰੀਬ 500 ਕਿਲੋਮੀਟਰ ਉੱਤਰ-ਪੱਛਮ ਮੈਗਵੇਅ ਹਵਾਈ ਫੌਜ ਅੱਡੇ ਨੇੜੇ ਦੂਰਸੰਚਾਰ ਟਾਵਰ ਵਿਚ ਚਲਾ ਗਿਆ। ਨਾਮ ਨਾ ਦੱਸਣ ਦੀ ਸ਼ਰਤ 'ਤੇ ਉਸ ਅਧਿਕਾਰੀ ਨੇ ਦੱਸਿਆ,''ਉਸ ਨੂੰ ਬਾਹਰ ਨਿਕਲਣ ਦਾ ਮੌਕਾ ਹੀ ਨਹੀਂ ਮਿਲਿਆ।''
ਨੇੜਲੇ ਮਿਨ ਬੁਊ ਸ਼ਹਿਰ ਤੋਂ ਸੰਸਦ ਮੈਂਬਰ ਕਿਆਵ ਸਵਾਨ ਯੀ ਨੇ ਕਿਹਾ ਕਿ ਜਹਾਜ਼ ਦੇ ਟਾਵਰ ਨਾਲ ਟਕਰਾਉਣ ਦੇ ਬਾਅਦ ਉਸ ਦਾ ਇਕ ਹਿੱਸਾ ਇਕ ਘਰ 'ਤੇ ਡਿੱਗਿਆ, ਜਿਸ ਨਾਲ ਘਰ ਵਿਚ ਮੌਜੂਦ 10 ਸਾਲਾ ਲੜਕੀ ਉਸ ਦੀ ਚਪੇਟ ਵਿਚ ਆ ਗਈ। ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਪਰ ਉਸ ਨੂੰ ਬਚਾਇਆ ਨਹੀਂ ਜਾ ਸਕਿਆ। ਅਧਿਕਾਰੀਆਂ ਮੁਤਾਬਕ ਇੱਥੋਂ ਸਿਰਫ 16 ਕਿਲੋਮੀਟਰ ਦੂਰ ਹੋਈ ਦੂਜੀ ਘਟਨਾ ਵਿਚ ਪਾਇਲਟ ਆਪਣੇ ਜਹਾਜ਼ ਤੋਂ ਬਾਹਰ ਨਿਕਲ ਤਾਂ ਗਏ ਸਨ ਪਰ ਜ਼ਮੀਨ 'ਤੇ ਡਿੱਗਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਕਿਆਵ ਸਵਾਨ ਯੀ ਨੇ ਕਿਹਾ ਕਿ ਮੈਗਵੇਅ ਦੇ ਮੁੱਖ ਮੰਤਰੀ ਅਤੇ ਸੰਸਦ ਮੈਂਬਰਾਂ ਦੇ ਇਕ ਵਫਦ ਨੇ ਲੜਕੀ ਦੇ ਪਰਿਵਾਰ ਵਾਲਿਆਂ ਪ੍ਰਤੀ ਆਪਣੀ ਹਮਦਰਦੀ ਪ੍ਰਗਟ ਕੀਤੀ ਹੈ।