ਮਿਆਂਮਾਰ : ਤਖ਼ਤਾ ਪਲਟ ਦੇ ਵਿਰੋਧ ਦੌਰਾਨ ਗ੍ਰਿਫ਼ਤਾਰ ਸੈਂਕੜੇ ਲੋਕਾਂ ਨੂੰ ਜੁੰਟਾ ਸ਼ਾਸਨ ਨੇ ਕੀਤਾ ਰਿਹਾਅ
Wednesday, Mar 24, 2021 - 05:59 PM (IST)
ਯੰਗੂਨ (ਭਾਸ਼ਾ): ਮਿਆਂਮਾਰ ਦੇ ਫੌਜੀ ਸ਼ਾਸਨ ਨੇ ਪ੍ਰਦਰਸ਼ਨਾਂ ਨੂੰ ਸ਼ਾਂਤ ਕਰਾਉਣ ਲਈ ਨਰਮੀ ਦਾ ਪਹਿਲਾ ਸੰਕੇਤ ਦਿੰਦਿਆਂ ਬੁੱਧਵਾਰ ਸੈਂਕੜੇ ਪ੍ਰਦਰਸ਼ਨਕਾਰੀਆਂ ਨੂੰ ਰਿਹਾਅ ਕਰ ਦਿੱਤਾ, ਜਿਨ੍ਹਾਂ ਨੂੰ ਪਿਛਲੇ ਮਹੀਨੇ ਹੋਏ ਤਖ਼ਤਾ ਪਲਟ ਦਾ ਵਿਰੋਧ ਕਰਨ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ। ਯੰਗੂਨ ਦੀ ਇਨਸਿਨ ਜੇਲ ’ਚੋਂ ਰਿਹਾਅ ਕੀਤੇ ਗਏ ਪ੍ਰਦਰਸ਼ਨਕਾਰੀਆਂ ਨਾਲ ਭਰੀਆਂ ਬੱਸਾਂ ਨੂੰ ਦੇਖਿਆ ਗਿਆ, ਜਿਨ੍ਹਾਂ ਵਿਚ ਜ਼ਿਆਦਾਤਰ ਨੌਜਵਾਨ ਸਨ ਅਤੇ ਉਹ ਖੁਸ਼ ਦਿਖ ਰਹੇ ਸਨ। ਪ੍ਰਦਰਸ਼ਨਕਾਰੀਆਂ ਵਿਚੋਂ ਕੁਝ ਨੇ ਤਿੰਨ ਉਂਗਲੀਆਂ ਦਾ ਚਿੰਨ੍ਹ ਦਿਖਾਇਆ, ਜੋ ਫੌਜੀ ਸ਼ਾਸਨ ਦੇ ਖ਼ਿਲਾਫ਼ ਵਿਰੋਧ ਦਾ ਪ੍ਰਤੀਕ ਬਣ ਗਿਆ ਹੈ। ਮਿਆਂਮਾਰ ਦੇ ਸਰਕਾਰੀ ਟੈਲੀਵਿਜ਼ਨ ਦੇ ਮੁਤਾਬਕ 628 ਲੋਕਾਂ ਨੂੰ ਰਿਹਾਅ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ 1 ਫਰਵਰੀ ਨੂੰ ਆਂਗ ਸਾਨ ਸੂ ਕੀ ਦੀ ਚੁਣੀ ਹੋਈ ਸਰਕਾਰ ਦਾ ਤਖ਼ਤਾ ਪਲਟ ਹੋਣ ਤੋਂ ਬਾਅਦ ਮਾਰਚ ਦੀ ਸ਼ੁਰੂਆਤ ਵਿਚ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿਚ ਲਿਆ ਗਿਆ, ਜਿਨ੍ਹਾਂ ਵਿਚ ਸੈਂਕੜੇ ਵਿਦਿਆਰਥੀ ਹਨ। ਅਧਿਕਾਰੀਆਂ ਦੀ ਨਜ਼ਰ ਵਿਚ ਆਉਣ ਤੋਂ ਬਚਣ ਲਈ ਇਕ ਔਰਤ ਵਕੀਲ ਨੇ ਪਛਾਣ ਗੁਪਤ ਰੱਖਦਿਆਂ ਦੱਸਿਆ ਕਿ ਜਿਨ੍ਹਾਂ ਲੋਕਾਂ ਨੂੰ ਰਿਹਾਅ ਕੀਤਾ ਗਿਆ ਹੈ, ਉਨ੍ਹਾਂ ਨੂੰ 3 ਮਾਰਚ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਪ੍ਰਦਰਸ਼ਨਾਂ ਕਾਰਨ ਗ੍ਰਿਫ਼ਤਾਰ ਸਿਰਫ 55 ਲੋਕ ਜੇਲ੍ਹ ਵਿਚ ਹਨ ਅਤੇ ਸੰਭਵ ਤੌਰ ’ਤੇ ਉਨ੍ਹਾਂ ਖ਼ਿਲਾਫ਼ ਧਾਰਾ 505 (ਏ) ਤਹਿਤ ਦੋਸ਼ ਲਾਏ ਜਾਣਗੇ, ਜਿਸ ਵਿਚ 3 ਸਾਲ ਤਕ ਕੈਦ ਹੋ ਸਕਦੀ ਹੈ।
ਪੜ੍ਹੋ ਇਹ ਅਹਿਮ ਖਬਰ- ਭਾਰਤ ਅਤੇ ਅਮਰੀਕਾ ਅੰਦਰੂਨੀ ਸੁਰੱਖਿਆ 'ਤੇ ਮੁੜ ਗੱਲਬਾਤ ਕਰਨ 'ਤੇ ਸਹਿਮਤ
‘ਮਿਆਂਮਾਰ ਅਸਿਸਟੈਂਸ ਐਸੋਸੀਏਸ਼ਨ ਫਾਰ ਪਾਲੀਟੀਕਲ ਪ੍ਰਿਜ਼ਨਰਜ਼’ (ਐੱਮ.ਏ.ਏ.ਪੀ.ਪੀ.) ਨੇ ਤਖ਼ਤਾ ਪਲਟ ਤੋਂ ਬਾਅਦ ਕਾਰਵਾਈ ਵਿਚ 275 ਲੋਕਾਂ ਦੇ ਹੁਣ ਤੱਕ ਮਾਰੇ ਜਾਣ ਦੀ ਪੁਸ਼ਟੀ ਕੀਤੀ ਹੈ। ਐੱਮ.ਏ.ਏ.ਪੀ.ਪੀ. ਨੇ ਮੰਗਲਵਾਰ ਨੂੰ ਦੱਸਿਆ ਕਿ ਉਸਨੇ 2812 ਲੋਕਾਂ ਦੀ ਗ੍ਰਿਫ਼ਤਾਰੀ ਦੀ ਪੁਸ਼ਟੀ ਕੀਤੀ ਹੈ ਜਿਹਨਾਂ ਵਿਚੋਂ 2,418 ਹਾਲੇ ਵੀ ਹਿਰਾਸਤ ਵਿਚ ਹਨ ਜਾਂ ਜਿਹਨਾਂ 'ਤੇ ਮੁਕੱਦਮਾ ਚਲਾਇਆ ਗਿਆ ਹੈ। ਇਸ ਦੌਰਾਨ ਬੁੱਧਵਾਰ ਨੂੰ ਪ੍ਰਦਰਸ਼ਨਕਾਰੀਆਂ ਨੇ ਨਵੀਂ ਰਣਨੀਤੀ ਅਪਨਾਈ ਅਤੇ ਉਹਨਾਂ ਨੇ ਸ਼ਾਂਤੀਪੂਰਨ ਹੜਤਾਲ ਦੇ ਤਹਿਤ ਲੋਕਾਂ ਤੋਂ ਆਪਣੇ ਘਰਾਂ ਵਿਚ ਰਹਿਣ ਅਤੇ ਕਾਰੋਬਾਰੀ ਅਦਾਰਿਆਂ ਨੂੰ ਦਿਨ ਵਿਚ ਬੰਦ ਰੱਖਣ ਦੀ ਅਪੀਲ ਕੀਤੀ।
ਹੜਤਾਲ ਦੇ ਅਸਰ ਦਾ ਮੁਲਾਂਕਣ ਕਰਨਾ ਮੁਸ਼ਕਲ ਹੈ ਪਰ ਸੋਸ਼ਲ ਮੀਡੀਆ 'ਤੇ ਯੂਜ਼ਰਸ ਵੱਲੋਂ ਵਿਭਿੰਨ ਸ਼ਹਿਰਾਂ ਅਤੇ ਕਸਬਿਆਂ ਦੀਆਂ ਜਾਰੀ ਤਸਵੀਰਾਂ ਵਿਚ ਸੜਕਾਂ ਖਾਲੀ ਦਿਸ ਰਹੀਆਂ ਹਨ। ਸਥਾਨਕ ਮੀਡੀਆ ਨੇ ਦੱਸਿਆ ਕਿ ਮੰਗਲਵਾਰ ਨੂੰ ਪ੍ਰਦਰਸ਼ਨ ਦੌਰਾਨ ਮਾਂਡਲੇ ਵਿਚ 7 ਸਾਲਾ ਬੱਚੀ ਦੀ ਮੌਤ ਹੋ ਗਈ। ਐੱਮ.ਏ.ਏ.ਪੀ.ਪੀ. ਨੇ ਜੁੰਟਾ ਸ਼ਾਸਨ ਦੇ ਵਿਰੋਧ ਦੌਰਾਨ ਮਾਰੇ ਗਏ ਲੋਕਾਂ ਦੀ ਸੂਚੀ ਵਿਚ ਇਸ ਬੱਚੀ ਦਾ ਨਾਮ ਸ਼ਾਮਲ ਕੀਤਾ ਹੈ। ਖਿਨ ਮਯੇ ਚਿਨ ਨਾਮ ਦੀ ਬੱਚੀ ਦੀ ਭੈਣ ਆਏ ਚਾਨ ਸਾਨ ਨੇ ਦੱਸਿਆ ਕਿ ਉਸ ਦੇ ਪੇਟ ਵਿਚ ਗੋਲੀ ਮਾਰੀ ਗਈ ਸੀ।
ਨੋਟ- ਤਖ਼ਤਾ ਪਲਟ ਦੇ ਵਿਰੋਧ ਦੌਰਾਨ ਗ੍ਰਿਫ਼ਤਾਰ ਸੈਂਕੜੇ ਲੋਕਾਂ ਨੂੰ ਜੁੰਟਾ ਸ਼ਾਸਨ ਨੇ ਕੀਤਾ ਰਿਹਾਅ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।