ਮਿਆਂਮਾਰ ਦੀ ਫੌਜੀ ਸਰਕਾਰ ਨੇ 23,000 ਤੋਂ ਵੱਧ ਕੈਦੀਆਂ ਨੂੰ ਕੀਤਾ ਰਿਹਾਅ

Monday, Apr 19, 2021 - 06:35 PM (IST)

ਯੰਗੂਨ (ਏ. ਪੀ.)– ਮਿਆਂਮਾਰ ਦੀ ਫੌਜੀ ਸਰਕਾਰ ਨੇ ਰਵਾਇਤੀ ਨਵੇਂ ਸਾਲ ਦੇ ਮੌਕੇ ’ਤੇ ਸ਼ਨੀਵਾਰ ਨੂੰ 23,000 ਤੋਂ ਵੱਧ ਕੈਦੀਆਂ ਨੂੰ ਰਿਹਾਅ ਕਰ ਦਿੱਤਾ, ਜਿਸ ’ਚ 3 ਸਿਆਸੀ ਕੈਦੀ ਵੀ ਸ਼ਾਮਲ ਹਨ। ਉੱਧਰ ਫਰਵਰੀ ’ਚ ਹੋਏ ਤਖਤਾਪਲਟ ਦੇ ਮੁੱਖ ਸੂਤਰਧਾਰ ਫੌਜੀ ਨੇਤਾ ਨੇ ਦੱਸਿਆ ਕਿ ਉਹ ਇਸ ਮਹੀਨੇ ਦੇ ਅਖੀਰ ’ਚ ਖੇਤਰੀ ਸੰਮੇਲਨ ’ਚ ਸ਼ਾਮਲ ਹੋਣਗੇ। ਅਜੇ ਇਹ ਸਪੱਸ਼ਟ ਨਹੀਂ ਹੈ ਕਿ ਰਿਹਾਅ ਕੀਤੇ ਗਏ ਲੋਕਾਂ ’ਚ ਤਖਤਾ ਪਲਟ ਦਾ ਵਿਰੋਧ ਕਰਨ ਲਈ ਗ੍ਰਿਫਤਾਰ ਕੀਤੇ ਗਏ ਲੋਕਤੰਤਰ ਸਮਰਥਕ ਕਾਰਕੁੰਨ ਸ਼ਾਮਲ ਹਨ ਜਾਂ ਨਹੀਂ।

ਸਰਕਾਰੀ ਪ੍ਰਸਾਰਕ ਐੱਮ. ਆਰ. ਟੀ. ਵੀ. ਨੇ ਕਿਹਾ ਕਿ ਜੁੰਟਾ ਪ੍ਰਧਾਨ ਸੀਨੀਅਰ ਜਨਰਲ ਮਿਨ ਆਂਗ ਹੇਲਾਂਗ ਨੇ 23047 ਕੈਦੀਆਂ ਨੂੰ ਰਿਹਾਅ ਕੀਤਾ ਹੈ, ਜਿਨ੍ਹਾਂ ’ਚ 137 ਵਿਦੇਸ਼ੀ ਸ਼ਾਮਲ ਹਨ ਤੇ ਇਨ੍ਹਾਂ ਨੂੰ ਮਿਆਂਮਾਰ ਤੋਂ ਬਾਹਰ ਭੇਜਿਆ ਜਾਵੇਗਾ। ਉਨ੍ਹਾਂ ਨੇ ਹੋਰ ਲੋਕਾਂ ਦੀ ਸਜ਼ਾ ਦੀ ਮਿਆਦ ਵੀ ਘੱਟ ਕੀਤੀ ਹੈ। ਦੇਸ਼ ਦੀ ਕਮਾਨ ਚੁਣੀ ਹੋਈ ਸਰਕਾਰ ਨੂੰ ਵਾਪਸ ਸੌਂਪਣ ਦੀ ਮੰਗ ਕਰਨ ਵਾਲੇ ਪ੍ਰਦਰਸ਼ਨਕਾਰੀਆਂ ’ਤੇ ਸੁਰੱਖਿਆ ਦਸਤਿਆਂ ਦੀ ਕਾਰਵਾਈ ਜਾਰੀ ਹੈ। ਸੋਸ਼ਲ ਮੀਡੀਆ ’ਚ ਅਜਿਹੀਆਂ ਖਬਰਾਂ ਹਨ ਕਿ ਮੋਗੋਕ ਸ਼ਹਿਰ ’ਚ ਸ਼ਨੀਵਾਰ ਨੂੰ 3 ਲੋਕ ਮਾਰੇ ਗਏ। ਦੇਸ਼ ’ਚ ਗ੍ਰਿਫਤਾਰੀਆਂ ਤੇ ਮਾਰੇ ਗਏ ਲੋਕਾਂ ਦਾ ਲੇਖਾ-ਜੋਖਾ ਰੱਖਣ ਵਾਲੇ ‘ਅਸਿਸਟੈਂਟਸ ਐਸੋਸੀਏਸ਼ਨ ਫਾਰ ਪੋਲੀਟੀਕਲ ਪ੍ਰੀਜ਼ਰਨਰਸ’ ਅਨੁਸਾਰ ਤਖਤਾ ਪਲਟ ਦੇ ਬਾਅਦ ਤੋਂ 728 ਪ੍ਰਦਰਸ਼ਨਕਾਰੀ ਤੇ ਆਮ ਨਾਗਰਿਕ ਸੁਰੱਖਿਆ ਦਸਤਿਆਂ ਦੇ ਹੱਥੋਂ ਮਾਰੇ ਗਏ ਹਨ। ਗਰੁੱਪ ਦਾ ਕਹਿਣਾ ਹੈ ਕਿ 3141 ਲੋਕ ਹਿਰਾਸਤ ’ਚ ਹਨ, ਜਿਨ੍ਹਾਂ ’ਚ ਦੇਸ਼ ਦੀ ਨੇਤਾ ਆਂਗ ਸਾਨ ਸੂ ਕੀ ਵੀ ਸ਼ਾਮਲ ਹੈ।


cherry

Content Editor

Related News