ਨਮਾਜ਼ ਪੜ੍ਹਨ ਜਾ ਰਹੇ ਵਿਅਕਤੀ ਨੂੰ ਪੁਲਸ ਨੇ ਲਾਈਆਂ ਹੱਥਕੜੀਆਂ, ਪੁੱਛਿਆ— ''ਇੰਨੇ ਕੱਪੜੇ ਕਿਉਂ ਪਹਿਨੇ?''

Wednesday, Jul 12, 2017 - 06:52 PM (IST)

ਲੰਡਨ— ਦੁਨੀਆ ਭਰ ਵਿਚ ਵਧਦੇ ਇਸਲਾਮੋਫੋਬੀਆ (ਮੁਸਲਮਾਨਾਂ ਤੋਂ ਡਰ ਜਾਂ ਨਫਰਤ) ਦਾ ਸ਼ਿਕਾਰ ਬੇਕਸੂਰ ਮੁਸਲਮਾਨਾਂ ਨੂੰ ਬਣਨਾ ਪੈ ਪਿਆ ਹੈ। ਮੁਸਲਿਮ ਵਿਅਕਤੀ ਦਾੜ੍ਹੀ ਰੱਖਦੇ ਹਨ, ਟੋਪੀ ਪਹਿਨਦੇ ਹਨ ਅਤੇ ਹੁਣ ਲੱਗਦਾ ਹੈ ਕਿ ਜ਼ਿਆਦਾ ਕੱਪੜੇ ਪਹਿਨਦੇ ਹਨ ਇਸ ਲਈ ਵੀ ਸ਼ੱਕ ਦੇ ਘੇਰੇ ਵਿਚ ਆ ਰਹੇ ਹਨ। ਹਾਲ ਹੀ ਵਿਚ ਇਕ ਮੁਸਲਮਾਨ ਸ਼ਖਸ ਨੂੰ ਹੱਥਕੜੀਆਂ ਲਾ ਦਿੱਤੀਆਂ ਗਈਆਂ, ਕਿਉਂਕਿ ਉਸ ਨੇ ਜ਼ਿਆਦਾ ਕੱਪੜੇ ਪਹਿਨੇ ਹੋਏ ਸਨ।
ਇਹ ਘਟਨਾ ਬੀਤੇ ਸ਼ੁੱਕਰਵਾਰ 7 ਜੁਲਾਈ ਦੀ ਹੈ। ਇਸ ਵੀਡੀਓ ਨੂੰ 8 ਜੁਲਾਈ ਨੂੰ ਸੋਸ਼ਲ ਮੀਡੀਆ ਉੱਤੇ ਪੋਸਟ ਕੀਤਾ ਗਿਆ, ਜਿਸ ਨੂੰ ਹੁਣ ਤੱਕ ਵੱਡੀ ਗਿਣਤੀ 'ਚ ਲੋਕਾਂ ਨੇ ਦੇਖਿਆ ਹੈ। ਸੈਂਕੜੇ ਲੋਕਾਂ ਨੇ ਇਸ ਘਟਨਾ ਦੀ ਨਿੰਦਾ ਕੀਤੀ ਹੈ। ਕਈ ਲੋਕਾਂ ਨੇ ਇਸ ਨੂੰ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੱਸਿਆ ਹੈ। ਕੁਝ ਨੇ ਕਿਹਾ ਕਿ ਵਿਸ਼ੇਸ਼ ਧਰਮ ਨਾਲ ਸੰਬੰਧ ਰੱਖਣ ਕਾਰਨ ਵਿਅਕਤੀ ਨੂੰ ਨਿਸ਼ਾਨਾ ਬਣਾਇਆ ਗਿਆ।


ਵੀਡੀਓ 'ਚ ਤੁਸੀਂ ਸਾਫ ਦੇਖ ਸਕਦੇ ਹੋ ਕਿ ਇਕ ਸ਼ਖਸ ਸ਼ੁੱਕਰਵਾਰ ਦੀ ਨਮਾਜ਼ ਅਦਾ ਕਰਨ ਲਈ ਮਸਜਿਦ ਜਾ ਰਿਹਾ ਸੀ ਪਰ ਜਿਵੇਂ ਹੀ ਉਹ ਮਸਜਿਦ ਕੋਲ ਪਹੁੰਚਿਆ ਤਾਂ ਅਚਾਨਕ ਉਸ ਨੂੰ ਚਾਰੋਂ ਪਾਸੇ ਪੁਲਸ ਨੇ ਘੇਰ ਲਿਆ ਅਤੇ ਹੱਥਕੜੀਆਂ ਲਾ ਦਿੱਤੀਆਂ। ਇਕ ਮਹਿਲਾ ਨੇ ਉਸ ਨੂੰ ਪੁੱਛਿਆ ਕਿ ਇੰਨੀ ਗਰਮੀ ਵਿਚ ਉਸ ਨੇ ਇੰਨੇ ਜ਼ਿਆਦਾ ਕੱਪੜੇ ਕਿਉਂ ਪਹਿਨੇ ਹੋਏ ਹਨ? ਜਿਸ ਤੋਂ ਬਾਅਦ ਪੁਲਸ ਨੇ ਉਸ ਦੀ ਤਲਾਸ਼ੀ ਲਈ ਪਰ ਉਸ ਕੋਲੋਂ ਕੁਝ ਵੀ ਨਹੀਂ ਮਿਲਿਆ। ਪੂਰੀ ਤਲਾਸ਼ੀ ਲੈਣ ਤੋਂ ਬਾਅਦ ਪੁਲਸ ਨੇ ਦੇਖਿਆ ਕਿ ਇਹ ਇਕ ਆਮ ਵਿਅਕਤੀ ਹੈ। ਇਕ ਰਿਪੋਰਟ ਮੁਤਾਬਕ ਮਹਿਲਾ ਆਮ ਕੱਪੜਿਆਂ ਵਿਚ ਸੀ, ਜੋ ਕਿ ਇਕ ਪੁਲਸ ਅਫਸਰ ਸੀ। ਉਕਤ ਵਿਅਕਤੀ ਨੇ ਕਿਹਾ ਕਿ ਮੇਰੇ ਕੋਲੋਂ ਕੁਝ ਵੀ ਸ਼ੱਕੀ ਨਹੀਂ ਮਿਲਿਆ ਅਤੇ ਮੇਰਾ ਪਤਾ, ਨਾਂ ਅਤੇ ਜਨਮ ਮਿਤੀ ਦੀ ਜਾਣਕਾਰੀ ਲੈ ਕੇ ਮੈਨੂੰ ਛੱਡ ਦਿੱਤਾ ਗਿਆ।


Related News