ਮੁਸਲਿਮ ਦੇਸ਼ਾਂ ਨੇ ਪਾਕਿਸਤਾਨ ਨੂੰ ਭਾਰਤ ਨਾਲ ਰਸਮੀ ਗੱਲਬਾਤ ਕਰਨ ਨੂੰ ਕਿਹਾ

09/16/2019 4:31:31 PM

ਇਸਲਾਮਾਬਾਦ (ਭਾਸ਼ਾ)- ਕੁਝ ਪ੍ਰਭਾਵਸ਼ਾਲੀ ਮੁਸਲਿਮ ਦੇਸ਼ਾਂ ਨੇ ਪਾਕਿਸਤਾਨ ਨੂੰ ਕਿਹਾ ਹੈ ਕਿ ਉਹ ਭਾਰਤ ਦੇ ਨਾਲ ਰਸਮੀ ਗੱਲਬਾਤ ਦੀ ਕੋਸ਼ਿਸ਼ ਕਰੇ। ਉਨ੍ਹਾਂ ਨੇ ਪ੍ਰਧਾਨ ਮੰਤਰੀ ਇਮਰਾਨ ਖਾਨ ਤੋਂ ਇਹ ਅਪੀਲ ਵੀ ਕੀਤੀ ਹੈ ਕਿ ਕਸ਼ਮੀਰ ਮੁੱਦੇ ਨੂੰ ਲੈ ਕੇ ਦੋਹਾਂ ਦੇਸ਼ਾਂ ਵਿਚਾਲੇ ਜਾਰੀ ਖਿੱਚੋਤਾਣ ਨੂੰ ਘੱਟ ਕਰਨ ਲਈ ਉਹ ਆਪਣੇ ਭਾਰਤੀ ਹਮਰੁਤਬਾ ਦੇ ਖਿਲਾਫ ਆਪਣੀ ਭਾਸ਼ਾ ਵਿਚ ਤਲੜੀ ਨੂੰ ਵੀ ਘੱਟ ਕਰਨ। ਇਕ ਮੀਡੀਆ ਰਿਪੋਰਟ ਵਿਚ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ ਗਈ ਹੈ।

ਐਕਸਪ੍ਰੈਸ ਟ੍ਰਿਬਿਊਨ ਦੀ ਖਬਰ ਮੁਤਾਬਕ ਤਿੰਨ ਸਤੰਬਰ ਨੂੰ ਸਾਊਦੀ ਅਰਬ ਦੇ ਉਪ ਵਿਦੇਸ਼ ਮੰਤਰੀ ਆਦਿਲ ਅਲ ਜ਼ੁਬੈਰ ਅਤੇ ਸੰਯੁਕਤ ਅਰਬ ਅਮੀਰਾਤ ਦੇ ਵਿਦੇਸ਼ ਮੰਤਰੀ ਅਬਦੁੱਲਾ ਬਿਨ ਅਲ ਨਾਹਯਾਨ ਇਸਲਾਮਾਬਾਦ ਦੌਰੇ 'ਤੇ ਆਪਣੀ ਅਗਵਾਈ ਅਤੇ ਕੁਝ ਹੋਰ ਸ਼ਕਤੀਸ਼ਾਲੀ ਦੇਸ਼ਾਂ ਵਲੋਂ ਸੰਦੇਸ਼ ਲੈ ਕੇ ਆਏ ਸਨ। ਉਨ੍ਹਾਂ ਨੇ ਪਾਕਿਸਤਾਨ ਨੂੰ ਕਿਹਾ ਕਿ ਉਹ ਭਾਰਤ ਦੇ ਨਾਲ ਰਸਮੀ ਗੱਲਬਾਤ ਕਰਨ। ਇਕ ਦਿਨਾਂ ਯਾਤਰਾ 'ਤੇ ਉਨ੍ਹਾਂ ਨੇ ਪ੍ਰਧਾਨ ਮੰਤਰੀ ਇਮਰਾਨ ਖਾਨ, ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਅਤੇ ਫੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨਾਲ ਮੁਲਾਕਾਤ ਕੀਤੀ। ਐਕਸਪ੍ਰੈਸ ਟ੍ਰਿਬਿਊਨ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਗੱਲਬਾਤ ਬਹੁਤ ਹੀ ਗੁਪਤ ਸੀ ਅਤੇ ਵਿਦੇਸ਼ ਮੰਤਰਾਲੇ ਦੇ ਸਿਰਫ ਚੋਟੀ ਦੇ ਅਧਿਕਾਰੀਆਂ ਨੂੰ ਹੀ ਉਨ੍ਹਾਂ ਮੀਟਿੰਗਾਂ ਵਿਚ ਜਾਨ ਦਿੱਤਾ ਗਿਆ।

ਰਿਪੋਰਟ ਮੁਤਾਬਕ ਸਾਊਦੀ ਅਰਬ ਅਤੇ ਯੂ.ਏ.ਈ. ਦੇ ਡਿਪਲੋਮੈਟਾਂ ਨੇ ਇਹ ਇੱਛਾ ਜਤਾਈ ਹੈ ਕਿ ਪਾਕਿਸਤਾਨ ਅਤੇ ਭਾਰਤ ਵਿਚਾਲੇ ਤਣਾਅ ਘੱਟ ਕਰਨ ਲਈ ਉਹ ਭੂਮਿਕਾ ਨਿਭਾਉਣਾ ਚਾਹੁੰਦੇ ਹਨ। ਇਨ੍ਹਾਂ ਵਿਚ ਇਕ ਪ੍ਰਸਤਾਵ ਦੋਹਾਂ ਦੇਸ਼ਾਂ ਵਿਚਾਲੇ ਪਰਦੇ ਪਿੱਛੇ ਤੋਂ ਗੱਲਬਾਤ ਦਾ ਵੀ ਸੀ। ਵਿਚੋਲਿਆਂ ਨੇ ਇਹ ਇੱਛਾ ਜਤਾਈ ਕਿ ਕਸ਼ਮੀਰ ਵਿਚ ਕੁਝ ਪਾਬੰਦੀਆਂ ਵਿਚ ਢਿੱਲ ਦੇਣ ਲਈ ਉਹ ਭਾਰਤ ਨੂੰ ਰਾਜ਼ੀ ਕਰਨਾ ਚਾਹੁੰਦੇ ਹਨ, ਨਾਲ ਹੀ ਪਾਕਿਸਤਾਨ ਤੋਂ ਅਪੀਲ ਕੀਤੀ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਹਮਲੇ ਬੰਦ ਕਰਨ। ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਅਪੀਲ ਕੀਤੀ ਗਈ ਕਿ ਉਹ ਆਪਣੇ ਭਾਰਤੀ ਹਮਰੁਤਬਾ ਮੋਦੀ ਖਿਲਾਫ ਜ਼ੁਬਾਨੀ ਹਮਲੇ ਘੱਟ ਕਰਨ। ਹਾਲਾਂਕਿ ਪਾਕਿਸਤਾਨ ਨੇ ਉਨ੍ਹਾਂ ਦੀਆਂ ਅਪੀਲਾਂ ਨੂੰ ਕਬੂਲ ਨਹੀਂ ਕੀਤਾ ਅਤੇ ਸਾਫ ਕੀਤਾ ਕਿ ਉਹ ਭਾਰਤ ਦੇ ਨਾਲ ਰਸਮੀ ਰਣਨੀਤੀ ਤਾਂ ਹੀ ਕਰੇਗਾ ਜਦੋਂ ਨਵੀਂ ਦਿੱਲੀ ਕੁਝ ਸ਼ਰਤਾਂ 'ਤੇ ਰਾਜ਼ੀ ਹੋ ਜਾਣ।

ਅਖਬਾਰ ਮੁਤਾਬਕ ਇਨ੍ਹਾਂ ਸ਼ਰਤਾਂ 'ਚ ਕਸ਼ਮੀਰ ਤੋਂ ਕਰਫਿਊ ਅਤੇ ਹੋਰ ਪਾਬੰਦੀਆਂ ਹਟਾਉਣਾ ਸ਼ਾਮਲ ਹੈ। ਜੰਮੂ-ਕਸ਼ਮੀਰ ਦਾ ਵਿਸ਼ੇਸ਼ ਦਰਜਾ ਹਟਾਉਣ ਅਤੇ ਸੰਵਿਧਾਨ ਦੀ ਧਾਰਾ 370 ਦੀਆਂ ਕੁਝ ਵਿਵਸਥਾਵਾਂ ਖਤਮ ਕਰਨ ਤੋਂ ਬਾਅਦ ਤੋਂ ਪਾਕਿਸਤਾਨ ਨੇ ਭਾਰਤ ਦੇ ਨਾਲ ਆਪਣੇ ਡਿਪਲੋਮੈਟਿਕ ਸਬੰਧ ਸੀਮਤ ਕਰ ਦਿੱਤੇ ਹਨ। ਉਸ ਤੋਂ ਬਾਅਦ ਤੋਂ ਖਾਨ ਲਗਾਤਾਰ ਮੋਦੀ 'ਤੇ ਹਮਲੇ ਕਰ ਰਹੇ ਹਨ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਮੁਹੰਮਦ ਫੈਜ਼ਲ ਨੇ ਆਪਣੇ ਹਫਤਾਵਾਰੀ ਪੱਤਰਕਾਰ ਸੰਮੇਲਨ ਵਿਚ ਕਿਹਾ ਕਿ ਹਾਲਾਤ ਨੂੰ ਆਮ ਕਰਨ ਖਾਤਰ ਭਾਰਤ ਦੇ ਨਾਲ ਪਰਦੇ ਪਿੱਛੇ ਤੋਂ ਕੋਈ ਰਣਨੀਤਕ ਗੱਲਬਾਤ ਨਹੀਂ ਕੀਤੀ ਜਾ ਰਹੀ ਹੈ। ਖਾਨ 19 ਸਤੰਬਰ ਨੂੰ ਦੋ ਦਿਨਾਂ ਦੌਰੇ 'ਤੇ ਸਾਊਦੀ ਅਰਬ ਜਾਣਗੇ, ਇਸ ਦੌਰਾਨ ਵੀ ਕਸ਼ਮੀਰ ਮੁੱਦਾ ਹਾਵੀ ਰਹਿ ਸਕਦਾ ਹੈ।


Sunny Mehra

Content Editor

Related News