ਮਸਕ ਨੇ ਗਾਜ਼ਾ ''ਚ ਇੰਟਰਨੈੱਟ ਮੁਹੱਈਆ ਕਰਵਾਉਣ ''ਤੇ ਇਜ਼ਰਾਈਲੀ ਸੁਰੱਖਿਆ ਏਜੰਸੀ ਦੇ ਮੁਖੀ ਨਾਲ ਕੀਤੀ ਗੱਲਬਾਤ

Tuesday, Oct 31, 2023 - 01:09 PM (IST)

ਤੇਲ ਅਵੀਵ, (ਏ. ਐੱਨ. ਆਈ.)– ਟੈਸਲਾ ਦੇ ਸੀ. ਈ. ਓ ਅਤੇ ‘ਐਕਸ’ ਦੇ ਮਾਲਕ ਐਲਨ ਮਸਕ ਨੇ ਇਜ਼ਰਾਈਲੀ ਸੁਰੱਖਿਆ ਏਜੰਸੀ ‘ਸ਼ਿਨ ਬੇਟ’ ਦੇ ਮੁਖੀ ਰੋਨੇਨ ਬਾਰ ਨਾਲ ਆਪਣੇ ਸਟਾਰਲਿੰਕ ਸੈਟੇਲਾਈਟ ਨੈੱਟਵਰਕ ਰਾਹੀਂ ਯੁੱਧ ਪ੍ਰਭਾਵਿਤ ਗਾਜ਼ਾ ਪੱਟੀ ’ਚ ਇੰਟਰਨੈੱਟ ਮੁਹੱਈਆ ਕਰਵਾਉਣ ਬਾਰੇ ਗੱਲ ਕੀਤੀ। ਉਨ੍ਹਾਂ ਨੇ ਇਹ ਗੱਲਬਾਤ ਗਾਜ਼ਾ ਵਿੱਚ ਇੰਟਰਨੈੱਟ ਦੀ ਸਹੂਲਤ ਦੇਣ ਦੇ ਆਪਣੇ ਐਲਾਨ ਤੋਂ ਇਕ ਦਿਨ ਬਾਅਦ ਕੀਤੀ। ਮਸਕ ਨੇ ਸ਼ਨੀਵਾਰ ਨੂੰ ‘ਐਕਸ’ ’ਤੇ ਪੋਸਟ ਕੀਤਾ ਸੀ -‘ਸਟਾਰਲਿੰਕ ਗਾਜ਼ਾ ਵਿੱਚ ਸਿਰਫ ਅੰਤਰਰਾਸ਼ਟਰੀ ਪੱਧਰ ’ਤੇ ਸਹਾਇਤਾ ਪ੍ਰਾਪਤ ਸੰਸਥਾਵਾਂ ਨੂੰ ਹੀ ਕੁਨੈਕਟੀਵਿਟੀ ਦੇਵੇਗਾ।

ਵਿਵਾਦ ਛਿੜਨ ਤੋਂ ਬਾਅਦ ਐਲਨ ਮਸਕ ਨੇ 24 ਘੰਟਿਆਂ ਦੇ ਅੰਦਰ ਹੀ ‘ਸ਼ਿਨ ਬੇਟ’ ਦੇ ਮੁਖੀ ਨਾਲ ਸੰਪਰਕ ਕਰ ਕੇ ਇਜ਼ਰਾਈਲ ਲਈ ਆਪਣੇ ਸਮਰਥਨ ’ਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਗਾਜ਼ਾ ਵਿੱਚ ਇੰਟਰਨੈਟ ਕੁਨੈਕਟੀਵਿਟੀ ਸਿਰਫ ਮਨੁੱਖਤਾਵਾਦੀ ਉਦੇਸ਼ਾਂ ਲਈ ਹੋਵੇਗੀ ਅਤੇ ਇਸ ਦੀ ਹਮਾਸ ਅੱਤਵਾਦੀਆਂ ਤੱਕ ਪਹੁੰਚ ਨਹੀਂ ਹੋਣ ਦਿੱਤੀ ਜਾਵੇਗੀ।

ਉਨ੍ਹਾਂ ਕਿਹਾ ਕਿ ਅਸੀਂ ਇੰਨੇ ਵੀ ਭੋਲੇ ਨਹੀਂ ਹਾਂ। ਮੇਰੀ ਪੋਸਟ ਦੇ ਅਨੁਸਾਰ ਕਿਸੇ ਵੀ ਸਟਾਰਲਿੰਕ ਟਰਮੀਨਲ ਨੇ ਅਜੇ ਤੱਕ ਗਾਜ਼ਾ ਨਾਲ ਜੁੜਨ ਦੀ ਕੋਸ਼ਿਸ਼ ਨਹੀਂ ਕੀਤੀ ਹੈ। ਜੇਕਰ ਕੋਈ ਅਜਿਹਾ ਕਰਦਾ ਹੈ, ਤਾਂ ਅਸੀਂ ਇਹ ਯਕੀਨੀ ਬਣਾਉਣ ਲਈ ਅਸਧਾਰਨ ਉਪਾਅ ਕਰਾਂਗੇ ਕਿ ਇਸ ਦੀ ਸਿਰਫ਼ ਮਨੁੱਖਤਾਵਾਦੀ ਉਦੇਸ਼ਾਂ ਲਈ ਵਰਤੋਂ ਕੀਤੀ ਜਾਵੇ। ਅਸੀਂ ਆਪਣੇ ਕਿਸੇ ਵੀ ਟਰਮੀਨਲ ਨੂੰ ਚਾਲੂ ਕਰਨ ਤੋਂ ਪਹਿਲਾਂ ਅਮਰੀਕਾ ਅਤੇ ਇਜ਼ਰਾਈਲ ਨਾਲ ਸੁਰੱਖਿਆ ਸਬੰਧੀ ਤਾਲਮੇਲ ਕਰਾਂਗੇ।

ਮਸਕ ਨੇ ਜ਼ੋਰ ਦੇ ਕੇ ਕਿਹਾ ਕਿ ਉਹ ਗਾਜ਼ਾ ਵਿੱਚ ਸੈਟੇਲਾਈਟ ਸੰਚਾਰ ਨੂੰ ਸਰਗਰਮ ਕਰਨ ਦੀ ਕਾਹਲੀ ਵਿੱਚ ਨਹੀਂ ਹਨ ਅਤੇ ਜੇਕਰ ਅਜਿਹਾ ਹੁੰਦਾ ਹੈ ਤਾਂ ਇਹ ਅਮਰੀਕਾ ਅਤੇ ਇਜ਼ਰਾਈਲ ਦੀ ਨਿਗਰਾਨੀ ਹੇਠ ਹੋਵੇਗਾ।


Rakesh

Content Editor

Related News