ਦਿੱਲੀ 'ਚ ਜਨਮ ਲੈਣ ਵਾਲਾ ਮੁਸ਼ੱਰਫ ਪਾਕਿਸਤਾਨ ਦਾ ਇੰਝ ਬਣਿਆ 'ਤਾਨਾਸ਼ਾਹ'

12/17/2019 10:26:56 PM

ਇਸਲਾਮਾਬਾਦ (ਏਜੰਸੀ)- ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ ਨੂੰ ਇਕ ਵਿਸ਼ੇਸ਼ ਅਦਾਲਤ ਨੇ ਫਾਂਸੀ ਦੀ ਸਜ਼ਾ ਸੁਣਾਈ ਹੈ। ਮੁਸ਼ੱਰਫ ਅਜੇ ਦੁਬਈ ਵਿਚ ਹਨ, ਉਹ ਆਪਣਾ ਇਲਾਜ ਕਰਵਾ ਰਹੇ ਹਨ। ਮੁਸ਼ੱਰਫ ਨੂੰ ਨਵੰਬਰ 2007 ਵਿਚ ਐਮਰਜੈਂਸੀ ਲਗਾਉਣ ਦੇ ਮਾਮਲੇ ਵਿਚ ਰਾਜਧਰੋਹੀ ਦੇ ਕੇਸ ਵਿਚ ਦੋਸ਼ੀ ਪਾਇਆ ਗਿਆ ਹੈ। ਮੁਸ਼ੱਰਫ 1999 ਵਿਚ ਕਾਰਗਿਲ ਜੰਗ ਦੇ ਵੇਲੇ ਪਾਕਿਸਤਾਨ ਦੇ ਆਰਮੀ ਚੀਫ ਸਨ।
ਦਿੱਲੀ ਵਿਚ ਹੋਇਆ ਸੀ ਜਨਮ
ਮੁਸ਼ੱਰਫ ਦਾ ਜਨਮ ਆਜ਼ਾਦੀ ਤੋਂ ਪਹਿਲਾਂ 11 ਅਗਸਤ 1943 ਵਿਚ ਦਿੱਲੀ ਦੇ ਦਰਿਆਗੰਜ ਵਿਚ ਹੋਇਆ ਸੀ। ਦਿੱਲੀ ਵਿਚ ਨਹਿਰ ਵਾਲੀ ਹਵੇਲੀ ਵਿਚ ਉਨ੍ਹਾਂ ਦਾ ਪਰਿਵਾਰ ਰਹਿੰਦਾ ਸੀ। 1947 ਦੀ ਵੰਡ ਤੋਂ ਬਾਅਦ ਉਨ੍ਹਾਂ ਦਾ ਪਰਿਵਾਰ ਪਾਕਿਸਤਾਨ ਚਲਾ ਗਿਆ। ਉਸ ਦੇ ਪਿਤਾ ਜੋ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਵਿਚ ਪੜ੍ਹੇ ਸਨ। ਉਨ੍ਹਾਂ ਨੇ ਪਾਕਿਸਤਾਨ ਸਰਕਾਰ ਵਿਚ ਨੌਕਰੀ ਕਰਨੀ ਸ਼ੁਰੂ ਕਰ ਦਿੱਤੀ ਸੀ। ਫਿਰ ਉਹ ਵਿਦੇਸ਼ ਮੰਤਰਾਲੇ ਵਿਚ ਕੰਮ ਕਰਨ ਲੱਗੇ। ਪਿਤਾ ਦਾ ਤਬਾਦਲਾ ਤੁਰਕੀ ਹੋਇਆ ਤਾਂ ਮੁਸ਼ੱਰਫ ਉਥੇ ਰਹਿਣ ਚਲੇ ਗਏ। 1957 ਵਿਚ ਉਨ੍ਹਾਂ ਦਾ ਪਰਿਵਾਰ ਫਿਰ ਪਾਕਿਸਤਾਨ ਪਰਤ ਆਇਆ। ਮੁਸ਼ੱਰਫ ਨੇ ਆਪਣੀ ਸ਼ੁਰੂਆਤੀ ਪੜ੍ਹਾਈ ਕਰਾਚੀ ਦੇ ਸੇਂਟ ਪੈਟ੍ਰਿਕ ਸਕੂਲ ਵਿਚ ਕੀਤੀ। ਇਸ ਤੋਂ ਬਾਅਦ ਉਹ ਲਾਹੌਰ ਦੇ ਫਾਰਮੈਨ ਕ੍ਰਿਸ਼ਚਨ ਕਾਲਜ ਵਿਚ ਪੜ੍ਹਣ ਪਹੁੰਚੇ।
ਇੰਜ ਬਣੇ ਜਨਰਲ
ਮੁਸ਼ੱਰਫ 1961 ਵਿਚ ਪਾਕਿਸਤਾਨ ਦੀ ਫੌਜ ਵਿਚ ਸ਼ਾਮਲ ਹੋਏ। ਉਹ ਇਕ ਸ਼ਾਨਦਾਰ ਖਿਡਾਰੀ ਰਹੇ ਹਨ। ਮੁਸ਼ੱਰਫ ਨੇ ਭਾਰਤ ਦੇ ਖਿਲਾਫ 1965 ਵਿਚ ਆਪਣੀ ਪਹਿਲੀ ਜੰਗ ਲੜੀ। ਉਨ੍ਹਾਂ ਨੂੰ ਇਸ ਦੇ ਲਈ ਵੀਰਤਾ ਦਾ ਐਵਾਰਡ ਵੀ ਮਿਲਿਆ। 1998 ਵਿਚ ਮੁਸ਼ੱਰਫ ਜਨਰਲ ਬਣੇ। ਉਨ੍ਹਾਂ ਨੇ 1999 ਵਿਚ ਬਿਨਾਂ ਖੂਨ ਵਹਾਏ ਸੱਤਾ ਹਾਸਲ ਕੀਤੀ। ਜਦੋਂ ਉਨ੍ਹਾਂ ਨੂੰ ਉਸ ਸਮੇਂ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਅਹੁਦੇ ਤੋਂ ਹਟਾਉਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਫੌਜ ਦੇ ਨਾਲ ਮਿਲ ਕੇ ਤਖਤਾਪਲਟ ਕਰ ਦਿੱਤਾ। 
2002 ਵਿਚ ਜਿੱਤੀਆਂ ਚੋਣਾਂ
ਮਈ 2000 ਵਿਚ ਪਾਕਿਸਤਾਨ ਦੇ ਸੁਪਰੀਮ ਕੋਰਟ ਨੇ ਦੁਬਾਰਾ ਚੋਣਾਂ ਕਰਵਾਉਣ ਦਾ ਹੁਕਮ ਦਿੱਤਾ। 2002 ਵਿਚ ਹੋਈਆਂ ਆਮ ਚੋਣਾਂ ਵਿਚ ਮੁਸ਼ੱਰਫ ਨੂੰ ਬਹੁਮਤ ਮਿਲੀ। ਹਾਲਾਂਕਿ, ਵਿਰੋਧੀ ਧਿਰ ਨੇ ਉਨ੍ਹਾਂ 'ਤੇ ਧਾਂਦਲੀ ਦਾ ਦੋਸ਼ ਲਗਾਇਆ। ਅਫਗਾਨਿਸਤਾਨ ਵਿਚ ਅੱਤਵਾਦ ਦੇ ਖਿਲਾਫ ਜੰਗ ਵਿਚ ਅਮਰੀਕੀ ਰਾਸ਼ਟਰਪਤੀ ਜਾਰਜ ਬੁਸ਼ ਦੀ ਮੁਸ਼ੱਰਫ ਨੇ ਹਮਾਇਤ ਕੀਤੀ।
6 ਅਕਤੂਬਰ 2007 ਵਿਚ ਦੁਬਾਰਾ ਰਾਸ਼ਟਰਪਤੀ ਬਣੇ। ਉਨ੍ਹਾਂ ਨੇ 3 ਨਵੰਬਰ ਨੂੰ ਐਮਰਜੈਂਸੀ ਲਾਗੂ ਕਰ ਦਿੱਤੀ। 24 ਨਵੰਬਰ ਨੂੰ ਮੁਸ਼ੱਰਫ ਨੇ ਫੌਜ ਦੀ ਵਰਦੀ ਛੱਡ ਕੇ ਪਾਕਿਸਤਾਨ ਦੇ ਗੈਰ ਫੌਜੀ ਰਾਸ਼ਟਰਪਤੀ ਦੇ ਤੌਰ 'ਤੇ ਅਹੁਦਾ ਸੰਭਾਲਿਆ ਪਰ 2008 ਵਿਚ ਬਣੀ ਨਵੀਂ ਸਰਕਾਰ ਨੇ ਪਰਵੇਜ਼ ਮੁਸ਼ੱਰਫ 'ਤੇ ਦੋਸ਼ ਲਗਾਉਣ ਦਾ ਫੈਸਲਾ ਕੀਤਾ। ਇਸ ਤੋਂ ਬਾਅਦ ਮੁਸ਼ੱਰਫ ਨੇ 18 ਅਗਸਤ 2008 ਨੂੰ ਅਸਤੀਫਾ ਦੇਣ ਦਾ ਐਲਾਨ ਕੀਤਾ। ਮਾਰਚ 2016 ਵਿਚ ਪਾਕਿਸਤਾਨ ਛੱਡ ਦਿੱਤਾ ਅਤੇ ਦੁਬਈ ਚਲੇ ਗਏ।


Sunny Mehra

Content Editor

Related News