ਦੋ ਹਿੰਦੂ ਵਪਾਰੀਆਂ ਦੀ ਹੱਤਿਆ 'ਤੇ ਹਾਈ ਕੋਰਟ ਨੇ ਲਿਆ ਨੋਟਿਸ

01/09/2018 3:23:09 PM

ਕਰਾਚੀ (ਵਾਰਤਾ)— ਪਾਕਿਸਤਾਨ ਵਿਚ ਸਿੰਧ ਹਾਈ ਕੋਰਟ ਨੇ ਮੀਠੀ ਵਿਚ ਦੋ ਹਿੰਦੂ ਵਪਾਰੀਆਂ ਦੀ ਹੱਤਿਆ 'ਤੇ ਨੋਟਿਸ ਲੈਂਦੇ ਹੋਏ ਮੰਗਲਵਾਰ ਨੂੰ ਅਧਿਕਾਰੀਆਂ ਨੂੰ ਜਾਂਚ ਦੀ ਪ੍ਰਗਤੀ ਰਿਪੋਰਟ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ। ਮੁਖ ਜੱਜ ਅਹਿਮਦ ਅਲੀ ਸ਼ੇਖ ਨੇ ਸੀਨੀਅਰ ਪੁਲਸ ਮੁਖੀ ਅਮੀਰ ਸਊਦ ਮਗਸੀ, ਪੁਲਸ ਦੇ ਡਿਪਟੀ ਇੰਸਪੈਕਟਰ ਜਨਰਲ ਅਤੇ ਜ਼ਿਲਾ ਅਤੇ ਸੈਸ਼ਨ ਜੱਜ ਨੂੰ ਕੱਲ ਅਦਾਲਤ ਵਿਚ ਹਾਜ਼ਰ ਹੋ ਕੇ ਮਾਮਲੇ ਦੀ ਜਾਂਚ ਸੰਬੰਧੀ ਰਿਪੋਰਟਾਂ ਪੇਸ਼ ਕਰਨ ਲਈ ਕਿਹਾ ਹੈ। 5 ਜਨਵਰੀ ਨੂੰ ਦਲੀਪ ਮਾਹੇਸ਼ਵਰੀ (42) ਅਤੇ ਚੰਦਰ ਮਾਹੇਸ਼ਵਰੀ (40) ਦੀ ਉਨ੍ਹਾਂ ਦੀ ਹੀ ਦੁਕਾਨ 'ਤੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਕਾਤਲ ਲੁੱਟ ਦੇ ਇਰਾਦੇ ਨਾਲ ਉਨ੍ਹਾਂ ਦੀ ਦੁਕਾਨ 'ਤੇ ਆਏ ਸਨ। ਦਲੀਪ ਦੀ ਘਟਨਾ ਸਥਾਨ 'ਤੇ ਹੀ ਮੌਤ ਹੋ ਗਈ ਸੀ ਜਦਕਿ ਚੰਦਰ ਦੀ ਮੀਠੀ ਹਸਪਤਾਲ ਵਿਚ ਇਲਾਜ ਦੌਰਾਨ ਮੌਤ ਹੋ ਗਈ। ਮਗਸੀ ਨੇ ਦੱਸਿਆ ਕਿ ਦੋ ਸ਼ੱਕੀਆਂ ਨੂੰ ਪੁੱਛਗਿੱਛ ਲਈ ਹਿਰਾਸਤ ਵਿਚ ਲਿਆ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਸਿੰਧ ਪੁਲਸ ਇੰਸਪੈਕਟਰ ਜਨਰਲ ਨੇ ਦੋਸ਼ੀਆਂ ਦੇ ਬਾਰੇ ਵਿਚ ਕੋਈ ਵੀ ਜਾਣਕਾਰੀ ਦੇਣ ਵਾਲੇ ਨੂੰ 5 ਲੱਖ ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ ਹੈ। ਸਿੰਧ ਦੇ ਗ੍ਰਹਿ ਮੰਤਰੀ ਸੋਹੈਲ ਅਨਵਰ ਸਿਆਲ ਕੱਲ ਦੋਹਾਂ ਭਰਾਵਾਂ ਦੇ ਪਰਿਵਾਰਾਂ ਨਾਲ ਮਿਲੇ ਅਤੇ ਕਾਤਲਾਂ ਨੂੰ ਜਲਦੀ ਗ੍ਰਿਫਤਾਰ ਕੀਤੇ ਜਾਣ ਦਾ ਭਰੋਸਾ ਦਿੱਤਾ।


Related News